ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/21

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਪੰਜਾਬ ਦੇ ਗੀਤ` ਫਾਰਸੀ ਲਿਪੀ ਵਿੱਚ ਪ੍ਰਕਾਸ਼ਿਤ ਹੋਇਆ। ਦੇਵਿੰਦਰ ਸੱਤਿਆਰਥੀ ਨੇ 1936 ਵਿੱਚ ਗਿੱਧੇ ਦੀਆਂ ਬੋਲੀਆਂ ਦਾ ਇੱਕ ਸੰਗ੍ਰਹਿ 'ਗਿੱਧਾ' ਪ੍ਰਕਾਸ਼ਿਤ ਕੀਤਾ ਜਿਸ ਨਾਲ ਪੰਜਾਬੀ ਲੋਕ ਗੀਤਾਂ ਵਲ ਵਿਦਵਨਾਂ ਦਾ ਧਿਆਨ ਖਿਚਿਆ ਗਿਆ। ਦੇਸ਼ ਆਜ਼ਾਦ ਹੋਣ ਮਗਰੋਂ ਪੰਜਾਬ ਦੇ ਅਨੇਕਾਂ ਵਿਦਵਾਨਾਂ ਨੇ ਪੰਜਾਬ ਦੇ ਲੋਕ ਗੀਤ ਸੰਗ੍ਰਹਿ ਕਰਨ ਵੱਲ ਯਤਨ ਅਰੰਭੇ। ਹਰਭਜਨ ਸਿੰਘ ਦੀ ‘ਪੰਜਾਬਣ ਦੇ ਗੀਤ', ਹਰਜੀਤ ਸਿੰਘ ਦੀ ‘ਨੈਂ ਝਨਾ', ਕਰਤਾਰ ਸਿੰਘ ਸ਼ਮਸ਼ੇਰ ਦੀ 'ਜਿਉਂਦੀ ਦੁਨੀਆਂ’ ਅਤੇ ‘ਨੀਲੀ ਤੇ ਰਾਵੀ', ਅੰਮ੍ਰਿਤਾ ਪ੍ਰੀਤਮ ਦੀ ‘ਪੰਜਾਬ ਦੀ ਆਵਾਜ਼' ਅਤੇ 'ਮੌਲੀ ਤੇ ਮਹਿੰਦੀ', ਅਵਤਾਰ ਸਿੰਘ ਦਲੇਰ ਦੀ ‘ਪੰਜਾਬੀ ਲੋਕ ਗੀਤਾਂ ਦੀ ਬਣਤਰ ਤੇ ਵਿਕਾਸ' ਸ਼ੇਰ ਸਿੰਘ ਸ਼ੇਰ ਦੀ ‘ਬਾਰ ਦੇ ਢੋਲੇ’, ਮਹਿੰਦਰ ਸਿੰਘ ਰੰਧਾਵਾ ਦੀ 'ਪੰਜਾਬ ਦੇ ਲੋਕ ਗੀਤ', ਸਤਿਆਰਥੀ ਅਤੇ ਰੰਧਾਵਾ ਦੀ 'ਪੰਜਾਬੀ ਲੋਕ ਗੀਤ, ਸੁਖਦੇਵ ਮਾਦਪੁਰੀ ਦੀ ‘ਗਾਉਂਦਾ ਪੰਜਾਬ’ ਅਤੇ ‘ਫੁੱਲਾਂ ਭਰੀ ਚੰਗੇਰ', ਡਾ. ਨਾਹਰ ਸਿੰਘ ਦੀ ‘ਕਾਲਿਆਂ ਹਰਨਾਂ ਰੋਹੀਏ ਫਿਰਨਾ' ਅਤੇ ਡਾ. ਕਰਮਜੀਤ ਸਿੰਘ ਦੀ 'ਲੋਕ ਗੀਤਾਂ ਦੀ ਪੈੜ' ਆਦਿ ਪੁਸਤਕਾਂ ਪੰਜਾਬੀ ਲੋਕ ਗੀਤਾਂ ਦੇ ਚਰਚਿਤ ਸੰਗ੍ਰਹਿ ਹਨ।

ਪੰਜਾਬੀ ਲੋਕ ਸਾਹਿਤ ਦੇ ਮਹੱਤਵ ਨੂੰ ਮੁੱਖ ਰੱਖਦੇ ਹੋਏ ਪੰਜਾਬ ਅਤੇ ਪੰਜਾਬ ਤੋਂ ਬਾਹਰਲੀਆਂ ਯੂਨੀਵਰਸਿਟੀਆਂ ਵਿੱਚ ਲੋਕ ਸਾਹਿਤ ਤੇ ਖੋਜ ਕਾਰਜ ਆਰੰਭੇ ਗਏ ਹਨ। ਅਜੇ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਅਜਿਹੇ ਲੋਕ ਗੀਤ ਪਏ ਹਨ ਜਿਨ੍ਹਾਂ ਨੂੰ ਪੁਸਤਕ ਰੂਪ ਵਿੱਚ ਸਾਂਭਿਆ ਨਹੀਂ ਗਿਆ। ਇਹਨਾਂ ਨੂੰ ਸਮੇਂ ਦੀ ਧੂੜ ਤੋਂ ਬਚਾਉਣ ਦੀ ਲੋੜ ਹੈ। ਇਹ ਲੋਕ ਗੀਤ ਪੰਜਾਬੀ ਕੌਮ ਤੇ ਸਭਿਆਚਾਰ ਦਾ ਵੱਡਮੁੱਲਾ ਸਰਮਾਇਆ ਹਨ।

ਇਸ ਪੁਸਤਕ ਵਿੱਚ, ਪੌਣੇ ਪੰਜ ਸੌ ਦੇ ਕਰੀਬ ਲੋਕ ਗੀਤ ਸ਼ਾਮਲ ਕੀਤੇ ਗਏ ਹਨ ਜਿਹੜੇ ਕਿ ਮੈਂ ਖੇਤਰ ਵਿੱਚੋਂ ਪ੍ਰਾਪਤ ਕੀਤੇ ਹਨ। ਮੈਂ ਰਿਣੀ ਹਾਂ ਉਹਨਾਂ ਅਣਗਿਣਤ ਮਾਤਾਵਾਂ ਤੇ ਭੈਣਾਂ ਦਾ ਜਿਨ੍ਹਾਂ ਨੇ ਲੋਕ ਗੀਤ ਇਕੱਠੇ ਕਰਨ ਵਿੱਚ ਮੇਰੀ ਸਹਾਇਤਾ ਕੀਤੀ ਹੈ। ਡਾ. ਗੁਰਇਕਬਾਲ ਸਿੰਘ, ਸ਼ਾਹ ਚਮਨ ਅਤੇ ਸਤੀਸ਼ ਗੁਲਾਟੀ ਦਾ ਵੀ ਮੈਂ ਦਿਲੀ ਤੌਰ ਤੇ ਧੰਨਵਾਦੀ ਹਾਂ ਜਿਨ੍ਹਾਂ ਦੇ ਭਰਪੂਰ ਸਹਿਯੋਗ ਸਦਕਾ ਇਹ ਪੁਸਤਕ ਪਾਠਕਾਂ ਦੇ ਰੂ ਬ ਰੂ ਕਰ ਸਕਿਆ ਹਾਂ!

ਸੁਖਦੇਵ ਮਾਦਪੁਰੀ

ਸਮਾਧੀ ਰੋਡ, ਖੰਨਾ-141401

ਫੋਨ: 01628-224704
ਮਾਰਚ 12, 2003

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ /17