ਪੰਨਾ:ਲੋਕ ਗੀਤਾਂ ਦੀ ਸਮਾਜਿਕ ਵਿਆਖਿਆ - ਸੁਖਦੇਵ ਮਾਦਪੁਰੀ.pdf/78

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਇਕ ਫਾੜੀ ਉਹਨੂੰ ਰੱਖੀ ਬੀਬਾ
ਜਿਹੜਾ ਅਤੀ ਪਿਆਰਾ
ਸੱਸ ਜੋ ਮੇਰੀ ਮਾਤਾ ਥੋਡੀ ਬੀਬਾ
ਸਾਨੂੰ ਬੋਲੀਆਂ ਮਾਰੇ ਵੇ
ਨਿੱਕਾ ਪੀਸੀਏ ਝੋਲ ਪਕਾਈਏ ਗੋਰੀ
ਮਾਂ ਨੂੰ ਪੀਹੜੇ ਬਹਾਈਏ ਨੀ
ਨਣਦ ਸਾਡੀ ਭੈਣ ਜੋ ਥੋਡੀ
ਸਾਨੂੰ ਬੋਲੀਆਂ ਮਾਰੇ ਵੇ
ਨਿੱਕਾ ਕਤੀਏ ਠੋਕ ਬਣਾਈਏ ਗੋਰੀ
ਨਣਦ ਨੂੰ ਸੌਹਰੀਂ ਪੁਚਾਈਏ ਨੀ
ਜਠਾਣੀ ਮੇਰੀ ਭਾਬੋ ਥੋਡੀ ਬੀਬਾ
ਸਾਨੂੰ ਬੇਲੀਆਂ ਮਾਰੇ ਵੇ
ਦੋ ਚਾਰ ਸੁਣਾਈਏ ਗੋਰੀ
ਸਾਹਮਣੇ ਪੀਹੜੀ ਡਾਹੀਏ ਨੀ

ਕਈ ਵਾਰੀ ਦੋਨਾਂ ਦਾ ਵੈਰ ਵਧੇਰੇ ਵਧ ਜਾਂਦਾ ਹੈ: -

ਨਿੱਕੇ ਹੁੰਦਿਆਂ ਦੀ ਦੋਸਤੀ
ਮਾਰੀ ਪੈਰ ਕਹੀ
ਹਾਏ ਵੇ ਰੱਬਾ
ਜਠਾਣੀ ਕਿਉਂ ਵੈਰ ਪਈ

ਜਠਾਣੀ ਆਪਣੇ ਘਰ ਦੀ ਮੁਖਤਿਆਰੀ ਵਿੱਚ ਦਰਾਣੀ ਤੋਂ ਕੰਮ ਕਰਵਾ ਕਰਵਾ ਰੜਕਾਂ ਕਢਦੀ ਹੈ। ਗੋਰੀ ਦੀ ਚੰਦਨ ਵਰਗੀ ਦੇਹੀ ਸੁਕ ਜਾਂਦੀ ਹੈ ਤੇ ਉਹਦਾ ਸਬਰ ਜਠਾਣੀ ਤੇ ਪੈ ਜਾਂਦਾ ਹੈ: -

ਮੇਰਾ ਰੰਗ ਸੀ ਸਰਹੋਂ ਦੇ ਫੁੱਲ ਵਰਗਾ
ਡੁਲ੍ਹ ਗਿਆ ਜਠਾਣੀ ਤੇ

ਲੋਕ ਗੀਤਾਂ ਦੀ ਸਮਾਜਿਕ ਵਿਆਖਿਆ / 74