ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/25

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸੰਸਕ੍ਰਿਤ ਵਿਚ ਜੋ ਬੁਝਾਰਤਾਂ ਮਿਲਦੀਆਂ ਹਨ, ਉਹ ਲੋਕ-ਬੁਝਾਰਤਾਂ ਨਹੀਂ, ਸਗੋਂ ਵਿਦਵਾਨਾਂ ਦੇ ਵਿਆਕਰਣਕ ਤੇ ਕੋਸ਼-ਗਿਆਨ ਦੇ ਸ਼ਬਦ-ਚਮਤਕਾਰਾਂ ਦਾ ਸਿੱਟਾ ਹਨ ਇਸ ਲਈ ਉਹ ਆਮ ਲੋਕਾਂ ਵਿਚ ਪ੍ਰਚਲਤ ਨਹੀਂ ਹੋ ਸਕੀਆਂ ਤੇ ਉਸ ਸਮੇਂ ਦੀਆਂ ਲੋਕ-ਬੁਝਾਰਤਾਂ ਰੀਕਾਰਡ ਨਾ ਹੋਣ ਕਰਕੇ ਸਾਡੇ ਤਕ ਪਹੁੰਚ ਨਹੀਂ ਸਕੀਆਂ। ਉਂਞ ਅਜਿਹੇ ਸੰਕੇਤ ਮਿਲਦੇ ਹਨ ਕਿ ਬੁਝਾਰਤਾਂ ਉਸ ਸਮੇਂ ਵੀ ਸਨ। ਭਾਰਤੀ ਅਲੰਕਾਰ ਸ਼ਾਸਤ੍ਰ ਵਿਚ ਪਹੇਲੀਆਂ ਦੇ ਢੰਗ ਦਾ ਇਕ 'ਪ੍ਰਹੇਲਕਾ ਅਲੰਕਾਰ' ਵੀ ਹੈ, ਜੋ ਬੁਝਾਰਤ ਦੀ ਲੋਕਪ੍ਰੀਤ ਤੋਂ ਸਾਹਿਤ ਵਲ ਆਇਆ।

ਲੋਕਾਂ ਦਾ ਆਪਣਾ ਅਲੰਕਾਰ ਸ਼ਾਸਤ੍ਰ ਹੈ ਤੇ ਆਪਣਾ ਹੀ ਛੰਦ ਸ਼ਾਸ਼ਤਰ। ਬੁਝਾਰਤਾਂ ਦੀ ਉਸਾਰੀ ਵੀ ਇਕ ਖਾਸ ਟੈਕਨੀਕ ਰਾਹੀਂ ਹੁੰਦੀ ਹੈ ਤੇ ਚਿੰਨ੍ਹਵਾਦ ਇਸ ਦਾ ਵਿਸ਼ੇਸ਼ ਹਥਿਆਰ ਹੈ।

ਯੂਨਾਨੀ ਫ਼ਿਲਾਸਫ਼ਰ ਅਰਸਤੂ ਨੇ ਕਈ ਥਾਈਂ ਬੁਝਾਰਤ (riddle) ਤੇ ਰੂਪਕ (Metaphor) ਦਾ ਗੂੜ੍ਹਾ ਸੰਬੰਧ ਦੱਸਿਆ ਹੈ। ਦਰਅਸਲ ਬੁਝਾਰਤ ਚਿੰਨ੍ਹਵਾਦੀ ਤਰੀਕੇ ਦੁਆਰਾ ਕਿਸੇ ਵਸਤੂ ਦਾ ਅਕਾਰ ਜਾਂ ਰੂਪ ਰੇਖਾ ਉਲੀਕਦੀ ਹੈ, ਨਾਲ ਵਚਿਤ੍ਰਤਾ ਜਾਂ ਹੈਰਾਨੀ ਦਾ ਰੰਗ ਵੀ ਰੱਖਿਆ ਜਾਂਦਾ ਹੈ। ਨਕਸ਼ਾ ਕੁਛ ਖਿੱਚਿਆ ਜਾਂਦਾ ਹੈ ਤੇ ਗੱਲ ਕੋਈ ਹੋਰ ਹੁੰਦੀ ਹੈ, ਇਹੋ ਭੇਤ ਬੁਝਾਰਤਾਂ ਨੂੰ ਵਚਿਤ੍ਰਤਾ ਤੇ ਸਮੱਸਿਆ ਦੇ ਰੂਪ ਵਿਚ ਰੂਪਮਾਨ ਕਰ ਕੇ ਸ੍ਰੋਤਿਆਂ ਦੇ ਦਿਲ ਵਿਚ ਖਿੱਚ ਪੈਦਾ ਕਰਦਾ ਹੈ। ਉਦਾਹਰਣ ਵਜੋਂ:-

ਪੰਜ ਭਾਈਆਂ ਨੇ ਪੰਡ ਚੁਕਾਈ, ਸੁੱਟੀ ਬੂਹੇ ਦੇ ਬਾਰ
ਚਾਮ ਚੜਿੱਕ ਨੇ ਧੱਕਾ ਲਾਇਆ, ਗਈ ਸਮੁੰਦਰੋਂ ਪਾਰ।

ਇਥੇ ਪੰਜ ਭਾਈ- ਪੰਜ ਉਂਗਲਾਂ ਵਾਲਾ ਹੱਥ- ਬੂਹਾ-ਮੂੰਹ ਤੇ ਚਾਮ ਚੜਿਕ ਜੀਭ ਦਾ ਰੂਪਕ ਹੈ।

ਸੋ ਬੁਝਾਰਤਾਂ ਦੇ ਮੂਲ ਤੱਤ ਇਹ ਕਹੇ ਜਾ ਸਕਦੇ ਹਨ:-
(1) ਚਿੰਨ੍ਹਵਾਦ
(2) ਵਸਤੂ ਦਾ ਅਸਪਸ਼ਟ ਆਕਾਰ ਤੇ ਰੂਪ ਰੇਖਾ (ਸ਼ਬਦ-ਚਿਤਰ)
(3) ਓਪਰੀ ਸਮਾਨਤਾ

23/ ਲੋਕ ਬੁਝਾਰਤਾਂ