ਪੰਨਾ:ਲੋਕ ਬੁਝਾਰਤਾਂ - ਸੁਖਦੇਵ ਮਾਦਪੁਰੀ.pdf/40

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਬੁਝਾਰਤ ਦੇ ਲੋਕ ਸਰਮਾਏ ਨੂੰ ਸਾਂਭਣ ਦਾ ਇਕ ਨਿੱਕਾ ਜਿਹਾ ਕਦਮ ਚੁਕਿਆ ਹੈ। ਕਿਥੋਂ ਤੀਕਰ ਸਫਲ ਹੋਇਆ ਹਾਂ ਇਹ ਪਾਠਕ ਹੀ ਦੱਸ ਸਕਣਗੇ।

ਇਹਦੀ ਪਹਿਲੀ ਪੁਸਤਕ ਪਾਠਕਾਂ ਦੇ ਹੱਥਾਂ 'ਚ ਦੇ ਕੇ ਮੈਨੂੰ ਅਤੀ ਮਾਣ ਮਹਿਸੂਸ ਹੋ ਰਿਹਾ ਹੈ। ਮਾਣ ਵਧੇਰੇ ਇਸ ਗੱਲ ਦਾ ਹੈ ਕਿ ਇਸ ਵਿਸ਼ੇ ਤੇ ਇਹ ਪਹਿਲੀ ਪੁਸਤਕ ਹੈ।

ਹੋ ਸਕਦੈ ਇਸ ਵਿਚ ਕਈ ਇਕ ਊਣਤਾਈਆਂ ਹੋਣ, ਜਿਨ੍ਹਾਂ ਨੂੰ ਦਰਸਾਉਣਾ ਸਿਆਣੇ ਪਾਠਕਾਂ ਦਾ ਕੰਮ ਹੈ। ਆਸ ਰੱਖਦਾ ਹਾਂ ਤੁਸੀਂ ਇਸ ਬਾਰੇ ਸੁਝਾਓ ਆਦਿ ਦੇ ਕੇ ਮੇਰਾ ਹੱਥ ਵਟਾਉਗੇ। ਮੈਂ ਤੁਹਾਡੀ ਹਰ ਰਾਏ ਨੂੰ 'ਜੀ ਆਇਆਂ' ਆਖਾਂਗਾ।

ਮੈਂ ਪਾਠਕਾਂ ਪਾਸੋਂ ਕੁਝ ਸਹਾਇਤਾ ਚਾਹੁੰਦਾ ਹਾਂ ਜੇ ਉਹ ਕਰ ਸਕਣ। ਖਿਲਰੇ ਹੋਏ ਸਾਹਿਤ ਨੂੰ ਕੱਲਾ ਕਾਰਾ ਉੱਨੀ ਗਿਣਤੀ ਵਿੱਚ ਇਕੱਤਰ ਨਹੀਂ ਕਰ ਸਕਦਾ ਜਿੰਨਾ ਅਸੀਂ ਸਾਰੇ ਰਲ ਕੇ ਕਰ ਸਕਦੇ ਹਾਂ। ਜੇ ਤੁਹਾਨੂੰ ਇਸ ਪੁਸਤਕ ਵਿਚ ਛਪੀਆਂ ਬੁਝਾਰਤਾਂ ਤੋਂ ਬਿਨਾਂ ਹੋਰ ਬੁਝਾਰਤਾਂ ਮਿਲਣ ਤਾਂ ਉਹ ਮੈਨੂੰ ਘੱਲਣ ਦੀ ਕ੍ਰਿਪਾਲਤਾ ਕਰਨੀ। ਇਸ ਤਰ੍ਹਾਂ ਅਸੀਂ ਸਾਰੇ ਰਲ ਕੇ ਇਸ਼ ਵਿਸ਼ੇ ਤੇ ਇਕ ਚੰਗੀ ਤੇ ਸੁਚੱਜੀ ਪੁਸਤਕ ਤਿਆਰ ਕਰਨ ਵਿਚ ਸਫਲ ਹੋ ਜਾਵਾਂਗੇ।

ਧੰਨਵਾਦੀ ਹਾਂ ਉਨ੍ਹਾਂ ਵੀਰਾਂ, ਭੈਣਾਂ ਅਤੇ ਮਾਤਾਵਾਂ ਦਾ ਜਿਨ੍ਹਾਂ ਨੇ ਲੋਕ ਬੁਝਾਰਤਾਂ ਲਿਖਵਾ ਕੇ ਮੈਨੂੰ ਸਹਿਯੋਗ ਦਿੱਤਾ ਹੈ। ਇਸ ਦੇ ਨਾਲ ਹੀ ਰਿਣੀ ਹਾਂ ਸ: ਜੀਵਨ ਸਿੰਘ ਜੀ ਦਾ ਜਿਨ੍ਹਾਂ ਦੇ ਯਤਨ ਨਾਲ ਇਸ ਪੁਸਤਕ ਨੂੰ ਤੁਹਾਡੇ ਹੱਥਾਂ ਦੀ ਛੁਹ ਮਾਨਣ ਦਾ ਅਵਸਰ ਮਿਲਿਆ ਹੈ। ਅੰਤ ਵਿਚ ਮੈਂ ਅਜਾਇਬ ਚਿਤ੍ਰਕਾਰ ਦਾ ਜਿੰਨਾ ਵੀ ਧੰਨਵਾਦ ਕਰਾਂ ਉੱਨਾ ਹੀ ਥੋੜ੍ਹਾ ਹੈ ਕਿਉਂਕਿ ਆਪ ਨੇ ਵਿਦਵਤਾ ਭਰਿਆ ਮੁਖ-ਬੰਦ ਲਿਖਕੇ ਇਸ ਪੁਸਤਕ ਦੀ ਰੂਪ ਰੇਖਾ ਨੂੰ ਵਧੇਰੇ ਨਿਖਾਰਿਆ ਤੇ ਵੱਖੋ ਵੱਖ ਕਾਂਡਾਂ ਦੇ ਢੁਕਵੇਂ ਚਿਤਰ ਬਣਾ ਕੇ ਸ਼ਿੰਗਾਰਿਆ ਹੈ।

ਮਾਦਪੁਰ, ਜ਼ਿਲ੍ਹਾ ਲੁਧਿਆਣਾ ਸੁਖਦੇਵ ਮਾਦਪੁਰੀ

18 ਮਈ, 1956

36/ ਲੋਕ ਬੁਝਾਰਤਾਂ