ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਡੈਣ ਦੇ ਕੁੱਛੜ ਮੁੰਡਾ——ਜਦੋਂ ਕੋਈ ਚੀਜ਼ ਕਿਸੇ ਅਜਿਹੇ ਬੰਦੇ ਦੇ ਹਵਾਲੇ ਕੀਤੀ ਜਾਵੇ, ਜਿਹੜਾ ਪਹਿਲਾਂ ਹੀ ਉਸ ਦਾ ਭੁੱਖਾ ਹੋਵੇ, ਉਦੋਂ ਇਹ ਅਖਾਣ ਵਰਤਦੇ ਹਨ।

ਡੋਰਾ (ਬੋਲਾ) ਦੋ ਵਾਰੀ ਹੱਸਦਾ ਹੈ——ਇਹ ਅਖਾਣ ਬੋਲਿਆਂ ਬਾਰੇ ਹੈ। ਬੋਲਾ ਆਦਮੀ ਇਕ ਵਾਰੀ ਤਾਂ ਲੋਕਾਂ ਨੂੰ ਦੇਖ ਕੇ ਰੀਸ ਨਾਲ਼ ਹੱਸਦਾ ਹੈ, ਦੂਜੀ ਵਾਰ ਉਦੋਂ ਹੱਸਦਾ ਹੈ ਜਦੋਂ ਉਸ ਨੂੰ ਹਾਸੇ ਵਾਲ਼ੀ ਗੱਲ ਦੀ ਸਮਝ ਪੈਂਦੀ ਹੈ।

ਡੋਰੇ ਅੱਗੇ ਗਾਉਣਾ, ਗੂੰਗੇ ਅੱਗੇ ਗੱਲ, ਅੰਨ੍ਹੇ ਅੱਗੇ ਨੱਚਣਾ, ਤ੍ਰੇਏ ਝਲ ਵਲਲ——ਇਸ ਅਖਾਣ ਦਾ ਭਾਵ ਸਪੱਸ਼ਟ ਹੈ।

ਢਕੀ ਰਿੱਝੇ, ਕੋਈ ਨਾ ਬੁਝੇ——ਇਹ ਅਖਾਣ ਆਮ ਕਰਕੇ ਸ਼ਰੀਕਾਂ ਦੇ ਘਰ ਦੀ ਵਿਗੜੀ ਹੋਈ ਮੰਦੀ ਹਾਲਤ, ਜਿਹੜੀ ਆਮ ਤੌਰ 'ਤੇ ਬਾਹਰੋਂ ਨਜ਼ਰ ਨਹੀਂ ਆਉਂਦੀ, ਬਾਰੇ ਵਰਤਿਆ ਜਾਂਦਾ ਹੈ।

ਢੱਗਿਆ ਤੈਨੂੰ ਚੋਰ ਲੈ ਜਾਣ, ਅਖੇ ਯਾਰਾਂ ਪੱਠੇ ਹੀ ਖਾਣੇ ਨੇ——ਢੱਗੇ ਨੂੰ ਇਸ ਗੱਲ ਨਾਲ ਕੋਈ ਵਾਸਤਾ ਨਹੀਂ ਕਿ ਉਹਦਾ ਮਾਲਕ ਕੋਈ ਚੋਰ ਹੈ ਜਾਂ ਸਾਊ ਮਨੁੱਖ, ਉਹਨੇ ਤਾਂ ਪੱਠੇ ਹੀ ਖਾਣੇ ਹਨ। ਭਾਵ ਇਹ ਹੈ ਕਿ ਕੰਮ ਕਰਨ ਵਾਲ਼ੇ ਕਾਮੇ ਨੇ ਤਾਂ ਕੰਮ ਕਰਕੇ ਹੀ ਖਾਣਾ ਹੈ, ਚਾਹੇ ਉਹ ਕਿਹੋ ਜਿਹੇ ਬੰਦੇ ਕੋਲ਼ ਕੰਮ ਕਰੇ।

ਢੰਗੀ ਨਾ ਵੱਛੀ ਨੀਂਦ ਆਵੇ ਅੱਛੀ——ਇਹ ਅਖਾਣ ਆਮ ਕਰਕੇ ਮਸਤ ਮਲੰਗ ਬੰਦਿਆਂ ਬਾਰੇ ਵਰਤਿਆ ਜਾਂਦਾ ਹੈ, ਜਿਨ੍ਹਾਂ ਨੂੰ ਘਰ-ਬਾਰ ਦਾ ਕੋਈ ਫ਼ਿਕਰ ਨਹੀਂ ਹੁੰਦਾ।

ਢਾਈ ਘਰ ਤਾਂ ਡੈਣ ਵੀ ਛੱਡ ਦੇਂਦੀ ਹੈ——ਜਦੋਂ ਕੋਈ ਆਪਣਾ ਹੀ ਦੋਸਤ-ਮਿੱਤਰ ਜਾਂ ਸਾਕ-ਸਬੰਧੀ ਵੈਰ ਕਮਾਉਣ ਲੱਗ ਜਾਵੇ, ਉਸ ਨੂੰ ਸ਼ਰਮਿੰਦਾ ਕਰਨ ਲਈ ਇਹ ਅਖਾਣ ਵਰਤਿਆ ਜਾਂਦਾ ਹੈ।

ਢਾਈ ਬੂਟੀਆਂ ਫੱਤੂ ਬਾਗ਼ਬਾਨ——ਜਦੋਂ ਥੋੜ-ਚਿੱਤਾ ਬੰਦਾ ਥੋੜ੍ਹੀ ਜਿਹੀ ਜਾਇਦਾਦ ਬਣਾ ਕੇ ਫੁੱਲਿਆ ਫਿਰੇ, ਉਦੋਂ ਇਹ ਅਖਾਣ ਬੋਲਦੇ ਹਨ।

ਢਿੱਡ ਸ਼ਰਮ ਨਹੀਂ ਰਹਿਣ ਦੇਂਦਾ——ਭਾਵ ਇਹ ਹੈ ਕਿ ਜਦੋਂ ਭੁੱਖ ਲੱਗੀ ਹੋਵੇ ਤਾਂ ਰੋਟੀ ਮੰਗ ਕੇ ਵੀ ਖਾਣੀ ਪੈਂਦੀ ਹੈ ਜਾਂ ਪਰਿਵਾਰ ਨੂੰ ਪਾਲਣ ਲਈ ਕਈ ਵਾਰ ਚੰਗੇ-ਮੰਦੇ ਕੰਮ ਕਰਨੇ ਪੈਂਦੇ ਹਨ, ਜਿਨ੍ਹਾਂ ਨੂੰ ਕਰਨ ਲੱਗਿਆਂ ਸ਼ਰਮ ਮਹਿਸੂਸ ਹੋਵੇ।

ਢਿੱਡ ਨੂੰ ਨੱਕ ਨਹੀਂ ਹੁੰਦਾ——ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਉਲਾਦ ਦੇ ਲਈ ਸ਼ਰਮ ਵੀ ਤਿਆਗ ਦਈਦੀ ਹੈ।

ਢਿੱਡ ਭਰਿਆ ਤੇ ਕੰਮ ਸਰਿਆ——ਇਹ ਅਖਾਣ ਉਸ ਆਦਮੀ ਪ੍ਰਤੀ ਵਰਤਿਆ ਜਾਂਦਾ ਹੈ ਜਿਹੜਾ ਆਪਣਾ ਮਤਲਬ ਕੱਢ ਕੇ ਮਗਰੋਂ ਵੱਟੀ ਨਾ ਵਾਹੇ।

ਲੋਕ ਸਿਆਣਪਾਂ/101