ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਜ਼ਮੀਨ ਰਾਣੀ, ਜੀਹਦੇ ਸਿਰ ਤੇ ਪਾਣੀ——ਖੇਤੀ ਬਾੜੀ ਲਈ ਉਹ ਜ਼ਮੀਨ ਵਧੇਰੇ ਚੰਗੀ ਹੁੰਦੀ ਹੈ, ਜਿਸ ਨੂੰ ਸਿੰਜਣ ਲਈ ਪਾਣੀ ਦਾ ਚੰਗਾ ਪ੍ਰਬੰਧ ਹੋਵੇ।

ਉਹਦੀ ਹੀ ਜੁੱਤੀ ਉਹਦਾ ਹੀ ਸਿਰ——ਇਹ ਅਖਾਣ ਉਦੋਂ ਵਰਤਿਆ ਜਾਂਦਾ ਹੈ ਜਦੋਂ ਕੋਈ ਬੰਦਾ ਦੂਜੇ ਬੰਦੇ ਦੇ ਸਾਧਨਾਂ ਦੁਆਰਾ ਹੀ ਉਸ ਦਾ ਨੁਕਸਾਨ ਕਰੇ।

ਉਹ ਕਿਹੜੀ ਗਲੀ, ਜਿੱਥੇ ਭਾਗੋ ਨਹੀਂ ਖਲੀ——ਜਿਹੜਾ ਪੁਰਸ਼ ਜਾਂ ਇਸਤਰੀ ਵਾਰ-ਵਾਰ ਵੱਖ-ਵੱਖ ਸਥਾਨਾਂ 'ਤੇ ਤੁਹਾਨੂੰ ਮਿਲ ਜਾਏ ਜਾਂ ਹਰ ਥਾਂ 'ਤੇ ਖੜਪੰਚ ਬਣਿਆਂ ਫਿਰੇ ਉਸ ਲਈ ਇਹ ਅਖਾਣ ਬੋਲਿਆ ਜਾਂਦਾ ਹੈ।

ਉਹ ਕੀ ਦੇਸੀ ਸਾਧੋ, ਜਿਸ ਪਿੰਨ ਗਲੋਲਾ ਖਾਧੋ——ਕਿਸੇ ਨੂੰ ਕੰਜੂਸ ਵਜੋਂ ਭੰਡਨ ਲਈ ਆਖਦੇ ਹਨ ਕਿ ਇਹਨੇ ਤੁਹਾਨੂੰ ਕੀ ਦੇਣਾ ਹੈ ਜਿਹੜਾ ਆਪ ਦੂਜਿਆਂ ਦੇ ਸਹਾਰੇ 'ਤੇ ਨਿਰਬਾਹ ਕਰਦਾ ਹੈ।

ਉਹ ਦਿਨ ਡੁੱਬਾ, ਜਦੋਂ ਘੋੜੀ ਚੜ੍ਹਿਆ ਕੁੱਬਾ——ਜਦੋਂ ਕੋਈ ਕਿਸੇ ਅਜਿਹੇ ਬੰਦੇ ਤੇ ਕੰਮ ਨੇਪਰੇ ਚਾੜ੍ਹਨ ਦੀ ਆਸ ਲਾ ਬੈਠੇ ਜਿਹੜਾ ਖ਼ੁਦ ਹੀ ਨਿਕੰਮਾ ਤੇ ਆਲਸੀ ਹੋਵੇ ਉਦੋਂ ਵਿਅੰਗ ਵਜੋਂ ਇਹ ਅਖਾਣ ਬੋਲਦੇ ਹਨ।

ਉਹ ਨਾ ਭੁੱਲਾ ਜਾਣੀਏ, ਜੋ ਸ਼ਾਮੀਂ ਮੁੜ ਘਰ ਆਵੇ——ਜਦੋਂ ਕੋਈ ਵਿਅਕਤੀ ਆਪਣੀ ਗ਼ਲਤੀ ਦਾ ਅਹਿਸਾਸ ਕਰਕੇ ਸਿੱਧੇ ਰਸਤੇ ਪੈ ਜਾਵੇ ਉਦੋਂ ਇਹ ਅਖਾਣ ਵਰਤਦੇ ਹਨ।

ਉਹ ਫਿਰੇ ਨੱਥ ਘੜਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ——ਜਦੋਂ ਦੋਹਾਂ ਵਿਅਕਤੀਆਂ ਦੀ ਸੋਚ ਤੇ ਮੰਤਵਾਂ ਵਿੱਚ ਤਿੱਖਾ ਵਿਰੋਧ ਹੋਵੇ ਉਦੋਂ ਵਰਤਦੇ ਹਨ।

ਉਹ ਮਾਂ ਮਰਗੀ ਜਿਹੜੀ ਦਹੀਂ ਨਾਲ਼ ਟੁੱਕ ਦਿੰਦੀ ਸੀ——ਜਦੋਂ ਕੋਈ ਵਿਅਕਤੀ ਔਖਿਆਈ ਭਰੇ ਦਿਨਾਂ ਵਿੱਚ, ਸੁੱਖਾਂ ਵਿੱਚ ਬਿਤਾਏ ਦਿਨਾਂ ਨੂੰ ਯਾਦ ਕਰਕੇ ਉਹਨਾਂ ਦੇ ਮੁੜ ਪਰਤ ਆਉਣ ਦੇ ਸੁਪਨੇ ਲਵੇ ਉਦੋਂ ਇਹ ਅਖਾਣ ਬੋਲਦੇ ਹਨ।

ਉਹ ਵੱਸੇ ਹੋਰ ਨਾਲ਼,ਝੁੱਗਾ ਵੜ ਗਿਆ ਪਿਉ ਦੀ ਗੌਰ ਨਾਲ਼——ਜਦੋਂ ਪੁਰਸ਼-ਇਸਤਰੀ ਦੀ ਆਪਸ ਵਿੱਚ ਨਾਚਾਕੀ ਹੋ ਜਾਵੇ ਅਤੇ ਕਿਸੇ ਹੋਰ ਨਾਲ ਦਿਲਚਸਪੀ ਵੱਧ ਜਾਏ ਤਾਂ ਘਰ ਵਿੱਚ ਸੁੱਖ ਸ਼ਾਂਤੀ ਉਡ ਜਾਂਦੀ ਹੈ ਤੇ ਘਰ ਬਰਬਾਦ ਹੋ ਜਾਂਦਾ ਹੈ।

ਉਹ ਵੇਲਾ ਨਾ ਭਾਲ਼, ਟੁੱਕਰ ਖਾਂਦੀ ਕੱਸੇ ਨਾਲ——ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਇਹ ਦੱਸਣਾ ਹੋਵੇ ਕਿ ਜੀਵਨ ਵਿੱਚ ਔਖ-ਸੌਖ ਇਕੋ ਜਿਹੀ ਨਹੀਂ ਰਹਿੰਦੀ ਦੁੱਖਾਂ ਮਗਰੋਂ ਸੁੱਖ ਵੀ ਆਉਂਦੇ ਹਨ।

ਲੋਕ ਸਿਆਣਪਾਂ/9