ਦੁਬਿਧਾ ਵਿੱਚ ਦੋਵੇਂ ਗਏ, ਨਾ ਮਾਇਆ ਮਿਲੀ ਨਾ ਰਾਮ ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਦੁਬਿਧਾ ਜਾਂ ਦੁਚਿੱਤੀ ਦੀ ਅਵਸਥਾ ਚੰਗੀ ਨਹੀਂ ਹੁੰਦੀ। ਦ੍ਰਿੜ੍ਹਤਾ ਨਾਲ ਫੈਸਲਾ ਕਰਨਾ ਚੰਗਾ ਹੁੰਦਾ ਹੈ, ਦੁਚਿੱਤੀ ਨੁਕਸਾਨ ਪਹੁੰਚਾਉਂਦੀ ਹੈ।
ਦੂਜੇ ਦੀ ਅੱਖ ਦਾ ਤਿਣਕਾ ਵੀ ਦਿਸਦੈ, ਪਰ ਆਪਣੀ ਅੱਖ ਦਾ ਸ਼ਤੀਰ ਨਹੀਂ ਦਿਸਦਾ ਜਦੋਂ ਕੋਈ ਬੰਦਾ ਆਪਣੇ ਐਬਾਂ ਵੱਲ ਨਾ ਦੇਖੇ, ਪ੍ਰੰਤੂ ਦੂਜਿਆਂ ਦੇ ਐਬਾਂ ਬਾਰੇ ਵਧਾਅ-ਚੜਾਅ ਕੇ ਗੱਲਾਂ ਕਰੇ, ਉਦੋਂ ਇਹ ਅਖਾਣ ਬੋਲਦੇ ਹਨ।
ਦੂਜੇ ਦੇ ਥਾਲ ਵਿੱਚ ਲੱਡੂ ਵੱਡਾ ਜਾਪਦੈ ਜਦੋਂ ਕੋਈ ਬੰਦਾ ਕਿਸੇ ਦੂਜੇ ਬੰਦੇ ਦੇ ਰਹਿਣ-ਸਹਿਣ ਨੂੰ ਆਪਣੇ ਰਹਿਣ-ਸਹਿਣ ਨਾਲੋਂ ਚੰਗਾ ਸਮਝੇ, ਉਦੋਂ ਆਖਦੇ ਹਨ।
ਦੂਰ ਦੇ ਢੋਲ ਸੁਹਾਉਣ ਜਦੋਂ ਕਿਸੇ ਦੂਰ ਵਸਦੇ ਬੰਦੇ ਦੀ ਚੰਗੀ ਸੋਭਾ ਸੁਣੀ ਹੋਵੇ, ਪ੍ਰੰਤੂ ਵਾਹ ਪੈਣ 'ਤੇ ਉਸ ਦੇ ਉਲਟ ਨਿਕਲੇ ਤਾਂ ਇੰਜ ਆਖਦੇ ਹਾਂ।
ਦੇਸੀ ਟੱਟੂ ਖੁਰਾਸਾਨੀ ਦੁਲੱਤੇ ਜਦੋਂ ਕੋਈ ਬੰਦਾ ਦੂਜੇ ਬੰਦਿਆਂ ਦੀ ਰੀਸ ਵਿੱਚ ਆਪਣੇ ਘਰ ਦੀ ਰਹੁ-ਰੀਤ ਤਿਆਗ ਦੇਵੇ ਓਦੋਂ ਇੰਜ ਆਖਦੇ ਹਨ।
ਦੇਖਾ ਦੇਖੀ ਸਾਧਿਆ ਜੋਗ, ਛਿੱਜੀ ਕਾਇਆ ਵਧਿਆ ਰੋਗ ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਕਿਸੇ ਦੀ ਰੀਸ ਕੋਈ ਕੰਮ ਸ਼ੁਰੂ ਕਰ ਬੈਠੇ ਤੇ ਪਿੱਛੋਂ ਪਛਤਾਵੇ।
ਦੇਣ ਤੇ ਆਵੇ ਤਾਂ ਛੱਤ ਪਾੜ ਕੇ ਦੇਂਦਾ ਹੈ ਇਹ ਅਖਾਣ ਉਦੋਂ ਵਰਤਦੇ ਹਨ ਜਦੋਂ ਕਿਸੇ ਨੂੰ ਬਿਨਾਂ ਕਿਸੇ ਮਿਹਨਤ ਦੇ ਤੇ ਉੱਦਮ ਕਰਨ ਦੇ ਪ੍ਰਾਪਤੀ ਹੋ ਜਾਂਦੀ ਹੈ।
ਦੇਣਾ ਭਲਾ ਨਾ ਬਾਪ ਕਾ, ਬੇਟੀ ਭਲੀ ਨਾ ਏਕ ਇਹ ਅਖਾਣ ਸ਼ਾਹੂਕਾਰਾਂ ਦੀਆਂ ਸਖ਼ਤੀਆਂ ਅਤੇ ਧੀਆਂ ਦੇ ਦੁਖਾਂ ਤੋਂ ਤੰਗ ਆ ਕੇ ਬੋਲਦੇ ਹਨ।
ਦੋ ਤਾਂ ਮਿੱਟੀ ਦੇ ਵੀ ਬਰੇ ਭਾਵ ਇਹ ਹੈ ਕਿ ਜਦੋਂ ਕਿਸੇ ਤਕੜੇ ਮਨੁੱਖ ਦੇ ਟਾਕਰੋ ਤੇ ਦੋ ਜਣੇ ਖੜੇ ਹੋ ਜਾਣ ਭਾਵੇਂ ਉਹ ਮਾੜੇ ਹੀ ਹੋਣ, ਉਸ ਨੂੰ ਹਰਾ ਦਿੰਦੇ ਹਨ।
ਦੋ ਤੇ ਦੋ ਚਾਰ ਰੋਟੀਆਂ ਭਾਵ ਇਹ ਹੈ ਕਿ ਗਰਜ਼ਮੰਦ ਹਰ ਮਸਲੇ ਨੂੰ ਆਪਣੀ ਲੋੜ ਅਨੁਸਾਰ ਹੀ ਦੇਖਦਾ ਹੈ, ਜਿਵੇਂ ਕਹਿੰਦੇ ਹਨ-ਬਾਤ ਪਾਵਾਂ ਟੁੱਕ।
ਦੋ ਪਈਆਂ ਵਿਸਰ ਗਈਆਂ, ਯਾਰਾਂ ਦੀਆਂ ਰੱਬ ਬਲਾਈਂ ਜਦੋਂ ਕੋਈ ਢੀਠ ਬੰਦਾ ਕਿਸੇ ਤੋਂ ਮਾਰ ਕੁੱਟ ਖਾ ਕੇ ਵੀ ਪਹਿਲਾਂ ਵਾਂਗ ਹੀ ਬੇਪ੍ਰਵਾਹ ਬਣਿਆ ਫਿਰੇ, ਉਦੋਂ ਆਖਦੇ ਹਨ।
ਦੋ ਵਲ ਪੱਗ ਦੇ, ਤੂੰ ਹੱਥ ਤੁਰਾ ਇਹ ਅਖਾਣ ਫ਼ੋਕੀ ਸ਼ਾਨੋ-ਸ਼ੌਕਤ ਤੇ ਡੂੰ-ਫ਼ਾਂ ਕਰਨ ਵਾਲਿਆਂ ਬਾਰੇ ਬੋਲਿਆ ਜਾਂਦਾ ਹੈ।
ਦੋ ਘਰਾਂ ਦਾ ਮਹਿਮਾਨ ਭੁੱਖਾ ਇਸ ਅਖਾਣ ਦਾ ਭਾਵ ਅਰਥ ਇਹ ਹੈ ਕਿ ਦੋ ਪਾਸਿਆਂ ਤੇ ਟੇਕ ਰੱਖਣ ਵਾਲਾ ਬੰਦਾ ਆਮ ਤੌਰ 'ਤੇ ਨਿਰਾਸ਼ ਹੁੰਦਾ ਹੈ।
ਲੋਕ ਸਿਆਣਪਾਂ/111