ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/147

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮਾਲਕ ਆਪ ਵਾਹੇ ਤਾਂ ਕੁਝ ਪੱਲੇ ਪੈਂਦਾ ਹੈ ਤੇ ਘਰ ਵੀ ਆਪ ਵਸਣ ਕਰਕੇ ਸਬੂਤੇ ਰਹਿੰਦੇ ਹਨ।

ਮੀਆਂ ਬੀਬੀ ਰਾਜ਼ੀ ਕੀ ਕਰੂਗਾ ਕਾਜ਼ੀ———ਜਦੋਂ ਇਹ ਦੱਸਣਾ ਹੋਵੇ ਕਿ ਜੇਕਰ ਦੋਵੇਂ ਧਿਰਾਂ ਕੋਈ ਕੰਮ ਕਰਨ ਲਈ ਰਾਜ਼ੀ ਹੋ ਜਾਣ ਤਾਂ ਤੀਜਾ ਬੰਦਾ ਉਹਨਾਂ ਨੂੰ ਇਹ ਕੰਮ ਕਰਨੋਂ ਰੋਕ ਨਹੀਂ ਸਕਦਾ।

ਮੀਸਣੀ ਖਾਵੇ ਤੇ ਮੂੰਹ ਨਾ ਹਿਲਾਵੇ———ਇਹ ਅਖਾਣ ਉਸ ਬੰਦੇ ਪ੍ਰਤੀ ਵਰਤਿਆ ਜਾਂਦਾ ਹੈ ਜਿਹੜਾ ਆਪਣੇ ਮਕਰ, ਫ਼ਰੇਬ ਤੇ ਚਲਾਕੀ ਵਾਲੀ ਗੱਲ ਨੂੰ ਪ੍ਰਗਟ ਨਾ ਹੋਣ ਦੇਵੇ।

ਮੀਂਹ ਉਠੇ ਤੇ, ਚੋਰ ਡਿੱਠੇ ਤੇ———ਭਾਵ ਇਹ ਹੈ ਕਿ ਤਸੱਲੀ ਕੀਤੇ ਬਿਨਾ ਕਿਸੇ ’ਤੇ ਦੋਸ਼ ਲਾਉਣਾ ਠੀਕ ਨਹੀਂ।

ਮੀਂਹ ਜੇਠੀ ਦਾ ਪੁੱਤਰ ਪਲੇਠੀ ਦਾ———ਇਸ ਅਖਾਣ ਦਾ ਭਾਵ ਇਹ ਹੈ ਕਿ ਜੇਠ ਮਹੀਨੇ ਵਸਿਆ ਮੀਂਹ ਫ਼ਸਲਾਂ ਲਈ ਚੰਗਾ ਹੁੰਦਾ ਹੈ ਤੇ ਪਲੇਠੀ ਦਾ ਪੁੱਤਰ ਛੇਤੀ ਜਵਾਨ ਹੋ ਕੇ ਆਪਣੇ ਬਾਪ ਨਾਲ ਸਹਾਇਤਾ ਕਰਨ ਲੱਗ ਜਾਂਦਾ ਹੈ।

ਮੁੰਡਾ ਭੂਤਨਾ ਕੁੜੀ ਚੁੜੇਲ ਪੜ੍ਹਕੇ ਮੰਤਰ ਦਿੱਤੇ ਮੇਲ———ਜਦੋਂ ਵੱਖੋ-ਵੱਖਰੀਆਂ ਅਵੈੜੀਆਂ ਆਦਤਾਂ ਵਾਲੇ ਮੁੰਡੇ ਤੇ ਕੁੜੀ ਦਾ ਆਪਸ ਵਿੱਚ ਵਿਆਹ ਹੋ ਜਾਵੇ, ਉਦੋਂ ਮਜ਼ਾਕ-ਮਜ਼ਾਕ ਵਿੱਚ ਇਹ ਅਖਾਣ ਬੋਲਦੇ ਹਨ।

ਮੁੰਡਾ ਮੰਗਿਆ ਚਰਖਾ ਕੀਲੀ ਟੰਗਿਆ———ਜਦੋਂ ਮੁੰਡੇ ਦਾ ਮੰਗਣਾ ਹੋ ਜਾਂਦਾ ਹੈ ਤੇ ਆਮ ਰਿਵਾਜ਼ ਅਨੁਸਾਰ ਕੁੜੀ ਵਾਲੇ ਮੁੰਡੇ ਵਾਲਿਆਂ ਨੂੰ ਕੁਝ ਨਾ ਕੁਝ ਭੇਜਦੇ ਰਹਿੰਦੇ ਹਨ ਉਦੋਂ ਮੁੰਡੇ ਦੀ ਮਾਂ, ਮੁੰਡੇ ਦੇ ਵਿਆਹ ਵਿੱਚ ਦਾਜ ’ਚ ਖੇਸੀਆਂ ਆਦਿ ਮਿਲਣ ਦੀ ਆਸ ਵਿੱਚ ਚਰਖਾ ਕੱਤਣਾ ਬੰਦ ਕਰ ਦਿੰਦੀ ਹੈ।

ਮੁੰਡਾ ਮਰ ਜਾਏ ਤੜਾਗੀ ਨਾ ਟੁੱਟੇ———ਕਿਸੇ ਚੀਜ਼ ਦੀ ਪਕਿਆਈ ਤੇ ਮਜ਼ਬੂਤੀ ਜ਼ਾਹਿਰ ਕਰਨ ਲਈ ਮਜ਼ਾਕ ਵਿੱਚ ਇਹ ਅਖਾਣ ਬੋਲਦੇ ਹਨ।

ਮੁਰਦਾ ਬੋਲੂ, ਖੱਫਣ ਪਾੜੂ ———ਜਦੋਂ ਕੋਈ ਬੰਦਾ ਕਿਸੇ ਨੂੰ ਚੁਭਵੀਂ ਗੱਲ ਆਖ ਕੇ ਅਗਲੇ ਦਾ ਸੀਨਾ ਸਾੜ ਦੇਵੇ, ਉਦੋਂ ਇੰਜ ਕਹਿੰਦੇ ਹਨ।

ਮੂਸਾ ਨਠਿਆ ਮੌਤ ਤੋਂ ਅੱਗੇ ਮੌਤ ਖੜ੍ਹੀ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕੋਈ ਬੰਦਾ ਕਿਸੇ ਮੁਸੀਬਤ ਤੋਂ ਨਿਜ਼ਾਤ ਹਾਸਿਲ ਕਰਨ ਲਈ ਭੱਜ-ਦੌੜ ਕਰਦਾ ਹੋਇਆ ਕੋਈ ਨਵੀਂ ਮੁਸੀਬਤ ਸਹੇੜ ਬੈਠੇ।

ਮੂੰਹ ਆਈ ਗੱਲ ਨਾ ਰਹਿੰਦੀ ਏ———ਭਾਵ ਇਹ ਹੈ ਕਿ ਮੁੰਹ ਵਿੱਚ ਆਈ ਗੱਲ ਬਾਹਰ ਨਿਕਲ ਹੀ ਜਾਂਦੀ ਹੈ, ਦਬਾਈ ਨਹੀਂ ਜਾ ਸਕਦੀ।

ਲੋਕ ਸਿਆਣਪਾਂ/145