ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/153

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਵਿੱਚ ਡੱਬੇ ਰੰਗ ਦੇ ਬਲਦ ਨੂੰ ਚੰਗਾ ਨਹੀਂ ਸਮਝਿਆ ਜਾਂਦਾ, ਜੇਕਰ ਕਿਸੇ ਜੱਟ ਨੂੰ ਭੈੜੇ ਸੁਭਾਅ ਵਾਲੀ ਤੀਵੀਂ ਅਤੇ ਡੱਬੇ ਰੰਗ ਦਾ ਬਲਦ ਮਿਲ ਜਾਵੇ ਤਾਂ ਉਹ ਰੱਬ ਨੂੰ ਕੋਸਦਾ ਹੋਇਆ ਇਹ ਅਖਾਣ ਬੋਲਦਾ ਹੈ।

ਰੰਨਾਂ ਘਰ ਦੀਆਂ ਰਾਣੀਆਂ, ਮਰਦ ਢੋਂਵਦੇ ਭਾਰ, ਜਿਹੜਾ ਰੰਨ ਪਤਿਆਉਂਦਾ ਸੋਈ ਉਤਰੇ ਪਾਰ———ਇਹ ਅਖਾਣ ਵਿਅੰਗ ਵਜੋਂ ਉਸ ਆਦਮੀ ਪ੍ਰਤੀ ਵਰਤਿਆ ਜਾਂਦਾ ਹੈ ਜੋ ਰੰਨ ਮੁਰੀਦ ਹੋਵੇ ਤੇ ਆਪ ਔਖਿਆਂ ਹੋ ਕੇ ਕਮਾਈ ਕਰੋ ਅਤੇ ਆਪਣੀ ਤੀਵੀਂ ਨੂੰ ਰਾਣੀ ਬਣਾ ਕੇ ਰੱਖੋ।

ਰੰਨਾਂ ਦਾ ਪੀਰ ਭੁੱਖਾ ਨਹੀਂ ਮਰਦਾ———ਇਸ ਅਖਾਣ ਦਾ ਭਾਵ ਇਹ ਹੈ ਕਿ ਤੀਵੀਆਂ ਛੇਤੀ ਠੱਗੀਆਂ ਜਾਂਦੀਆਂ ਹਨ। ਭੇਖੀ ਲੋਕ ਉਹਨਾਂ ਨੂੰ ਸੌਖਿਆਂ ਹੀ ਆਪਣੇ ਮਗਰ ਲਾ ਲੈਂਦੇ ਹਨ।

ਰੱਬ ਦੇਣ ਤੇ ਆਵੇ ਤਾਂ ਛੱਤ ਪਾੜ ਕੇ ਦੇਂਦਾ ਹੈ———ਭਾਵ ਇਹ ਹੈ ਕਿ ਰੱਬ ਦੇ ਰੰਗ ਨਿਆਰੇ ਹਨ, ਕਿਸੇ ਨੂੰ ਕਿਸੇ ਬਹਾਨੇ ਤੇ ਕਿਸੇ ਨੂੰ ਕਿਸੇ ਬਹਾਨੇ ਕੁਝ ਦੇ ਦੇਂਦਾ ਹੈ।

ਰੱਬ ਦਏ ਬੰਦਾ ਸਹੇ———ਭਾਵ ਇਹ ਹੈ ਕਿ ਰੱਬ ਵੱਲੋਂ ਦਿੱਤੀਆਂ ਮੁਸੀਬਤਾਂ ਬੰਦੇ ਨੂੰ ਝੱਲਣੀਆਂ ਹੀ ਪੈਂਦੀਆਂ ਹਨ, ਮੁਸੀਬਤਾਂ ਦਾ ਮੁਕਾਬਲਾ ਤਕੜੇ ਦਿਲ ਨਾਲ ਕਰਨਾ ਚਾਹੀਦਾ ਹੈ, ਸੁੱਖ ਜ਼ਰੂਰ ਮਿਲਣਗੇ।

ਰੱਬ ਦੇ ਦਿੱਤਿਆਂ ਰੱਜੀਦਾ ਏ, ਬੱਬ (ਬਾਪ) ਦੇ ਦਿੱਤਆਂ ਨਹੀਂ———ਇਸ ਅਖਾਣ ਰਾਹੀਂ ਇਹ ਦਰਸਾਇਆ ਗਿਆ ਹੈ ਕਿ ਬੰਦੇ ਨੂੰ ਆਪਣੇ ਹੱਥੀਂ ਮਿਹਨਤ ਕਰਕੇ ਕਮਾਈ ਕਰਨੀ ਚਾਹੀਦੀ ਹੈ। ਕਿਸੇ ਦੂਜੇ ਦਾ ਆਸਰਾ ਨਹੀਂ ਤੱਕਣਾ ਚਾਹੀਦਾ।

ਰੱਬ ਨੇ ਦਿੱਤੀਆਂ ਗਾਜਰਾਂ ਵਿੱਚ ਰੰਬਾ ਰੱਖ———ਇਹ ਅਖਾਣ ਉਦੋਂ ਬੋਲਦੇ ਹਨ ਜਦੋਂ ਕਿਸੇ ਬੰਦੇ ਨੂੰ ਵਧੀਆ ਮੌਕਾ ਹੱਥ ਆਇਆ ਹੋਵੇ ਤੇ ਉਸ ਦਾ ਉਹ ਖੂਬ ਲਾਭ ਉਠਾਵੇ।

ਰੱਬ ਨੇੜੇ ਕਿ ਘਸੁੰਨ———ਭਾਵ ਇਹ ਹੈ ਕਿ ਤਕੜੇ ਕੋਲੋਂ ਹਰ ਕੋਈ ਡਰਦਾ ਹੈ।

ਰੱਬ ਮਿਹਰਬਾਨ ਤੇ ਸਭ ਮਿਹਰਬਾਨ———ਜਦੋਂ ਕੋਈ ਬੰਦਾ ਔਖੇ ਹਾਲਾਤ 'ਚੋਂ ਗੁਜ਼ਰ ਕੇ ਚੰਗੇ ਹਾਲਾਤ ਵਿੱਚ ਜੀਵਨ ਜੀ ਰਿਹਾ ਹੋਵੇ, ਉਦੋਂ ਆਖਦੇ ਹਨ।

ਰੱਬ ਮਲਾਈ ਜੋੜੀ ਇਕ ਅੰਨਾ ਇਕ ਕੋਹੜੀ———ਜਦੋਂ ਇਕੋ ਜਿਹੇ ਸੁਭਾਅ ਵਾਲੇ ਦੋ ਬੰਦਿਆਂ ਦੀ ਸਾਂਝ ਪੈ ਜਾਵੇ, ਉਦੋਂ ਇੰਜ ਆਖਦੇ ਹਨ।

ਰਬੜ ਦਾ ਫ਼ੀਤਾ, ਜਿਸ ਖਿਚਿਆ ਲੰਮਾ ਕੀਤਾ ——— ਇਹ ਅਖਾਣ ਆਮ ਕਰਕੇ ਉਦੋਂ ਬੋਲਦੇ ਹਨ ਜਦੋਂ ਕੋਈ ਲੜਾਈ-ਝਗੜਾ ਹੋ ਰਿਹਾ ਹੋਵੇ, ਲੱਸੀ ਤੇ ਲੜਾਈ ਨੂੰ ਜਿੰਨਾ ਮਰਜ਼ੀ ਵਧਾ ਲਵੋ। ਇਹ ਅਖਾਣ ਉਸ ਬੰਦੇ ਪ੍ਰਤੀ ਵੀ ਬੋਲਦੇ ਹਨ ਜਿਹੜਾ ਲਾਈਲੱਗ ਹੋਵੇ ਤੇ ਹਰ ਕਿਸੇ ਦੇ ਪਿੱਛੇ ਲੱਗ ਤੁਰੇ।

ਲੋਕ ਸਿਆਣਪਾਂ/151