ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/200

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

'ਕੰਧੀ ਦੇਣਾ-ਮੁਰਦੇ ਦੀ ਅਰਥੀ ਨੂੰ ਮੋਢਾ ਦੇਣਾ।
'ਕੰਧੀਂ ਲੱਗਣਾ-ਉਹਲੇ ਹੋ ਕੇ ਗੱਲ ਸੁਨਣੀ, ਡਾਵਾਂਡੋਲ ਹੋ ਜਾਣਾ।
'ਕੰਧਾਂ ਨਾਲ਼ ਗੱਲਾਂ ਕਰਨੀਆਂ-ਆਪਣੇ ਆਪ ਹੀ ਗੱਲਾਂ ਮਾਰੀ ਜਾਣੀਆਂ।
'ਕੰਨ ਹੋਣਾ-ਚਿਤਾਵਨੀ ਹੋਣੀ, ਸਬਕ ਮਿਲਣਾ।
'ਕੰਨ ਕਤਰਨਾ-ਬਹੁਤ ਚੁਸਤ ਹੋਣਾ, ਚਲਾਕੀ ਨਾਲ ਠੱਗਣਾ।
'ਕੰਨ ਖੜ੍ਹੇ ਹੋਣੇ-ਆਉਣ ਵਾਲ਼ੇ ਖ਼ਤਰੇ ਨੂੰ ਭਾਂਪ ਲੈਣਾ, ਸਾਵਧਾਨ ਹੋਣਾ।
'ਕੰਨ ਦੇਣਾ-ਧਿਆਨ ਪੂਰਵਕ ਸੁਣਨਾ।
'ਕੰਨ ਨਾ ਹਲਾਉਣਾ-ਪਸ਼ੂ ਦਾ ਅਸ਼ੀਲ ਹੋਣਾ।
'ਕੰਨ ਧਰਨਾ-ਧਿਆਨ ਨਾਲ਼ ਸੁਣਨਾ।
'ਕੰਨ ਪਈ ਵਾਜ ਨਾ ਸੁਣਨੀ-ਰੌਲਾ ਰੱਪਾ ਹੋਣਾ, ਰੌਲੇ ਵਿੱਚ ਕੋਈ ਗੱਲ ਸੁਣ ਨਾ ਹੋਣੀ।
'ਕੰਨ ਭਰਨਾ-ਉਲਟੀ ਸਿੱਖਿਆ ਦੇਣੀ, ਦੂਜੇ ਨੂੰ ਚੁੱਕਣਾ, ਪੱਟੀ ਪੜ੍ਹਾਉਣੀ, ਸ਼ਕਾਇਤ ਕਰਨੀ।
'ਕੰਨ ਮਰੋੜਨਾ-ਕਾਬੂ ਕਰਕੇ ਆਪਣਾ ਕੰਮ ਕੱਢ ਲੈਣਾ, ਹੁਸ਼ਿਆਰ ਤੇ ਚੁਕੰਨਾ ਕਰਨਾ।
'ਕੰਨ ਲਾ ਕੇ ਖਲੋਣਾ-ਧਿਆਨ ਨਾਲ ਗੱਲ ਸੁਣਨੀ।
'ਕੰਨ ਵਲ੍ਹੇਟ ਕੇ ਸੌਣਾ-ਬੇਫ਼ਿਕਰ ਹੋ ਕੇ ਸੌਣਾ। ਆਲੇ-ਦੁਆਲੇ ਦੀ ਕੋਈ ਖ਼ਬਰ ਨਾ ਹੋਣੀ।
'ਕੰਨ ਵਲ੍ਹੇਟ ਕੇ ਤੁਰਨਾ-ਆਪਣੀ ਮਰਜ਼ੀ ਕਰਨੀ, ਕਿਸੇ ਦੂਜੇ ਦੀ ਨਾ ਸੁਣਨੀ।
'ਕੰਨ ਵਲੇਟਣੇ-ਚੁਪ ਚੁਪੀਤੇ ਪਾਸਾ ਵੱਟ ਲੈਣਾ।
'ਕੰਨਾਂ ਉੱਤੇ ਹੱਥ ਧਰਨਾ-ਨਾਂਹ ਕਰ ਦੇਣੀ, ਤੋਬਾ ਕਰਨੀ।
'ਕੰਨਾਂ ਉੱਤੇ ਮਾਰਨਾ-ਤਾਹਨੇ ਮਿਹਣੇ ਮਾਰਨੇ।
'ਕੰਨਾਂ ਤੀਕ ਮੂੰਹ ਪਾਟਣਾ-ਮੂੰਹ ਫਟ ਹੋਣਾ, ਬਿਨਾਂ ਸੋਚੇ ਗੱਲਾਂ ਆਖੀ ਜਾਣੀਆਂ।
'ਕੰਨਾਂ ਦੇ ਕੱਚੇ ਹੋਣਾ-ਲਾਈ ਲੱਗ ਹੋਣਾ, ਚੁਗਲੀਆਂ ਸੁਣਨੀਆਂ ਤੇ ਉਹਨਾਂ ਤੇ ਇਤਬਾਰ ਕਰ ਲੈਣਾ।
'ਕੰਨਾਂ ਨੂੰ ਹੱਥ ਲਵਾਉਣਾ-ਤੋਬਾ ਕਰਵਾ ਦੇਣੀ, ਨੱਕ ਨਾਲ਼ ਲਕੀਰਾਂ ਕਢਵਾ ਦੇਣੀਆਂ, ਨਾਨੀ ਚੇਤੇ ਕਰਾ ਦੇਣੀ।
'ਕੰਨਾਂ ਵਿੱਚ ਉਂਗਲੀਆਂ ਦੇਣਾ-ਬੁਰੀਆਂ ਗੱਲਾਂ ਨਾ ਸੁਣਨੀਆਂ, ਅਣਸੁਣੀ ਕਰਨਾ।


ਲੋਕ ਸਿਆਣਪਾਂ/198