ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/214

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਚਿੜੀ ਨਾ ਫੜਕਣਾ-ਕਿਸੇ ਨੂੰ ਨੇੜੇ ਨਾ ਢੁੱਕਣ ਦੇਣਾ।
ਚੀਂ ਪੀਂ ਕਰਨਾ-ਨਾਂਹ-ਨੁੱਕਰ ਕਰਨੀ।
ਚੀਣਾ ਖਿਲਾਰਨਾ-ਖੇਰੂੰ ਖੇਰੂ ਹੋ ਜਾਣਾ, ਖਿੰਡ ਪੁੰਡ ਜਾਣਾ।
ਚੀਣਾ ਚੀਣਾ ਹੋ ਜਾਣਾ-ਕਿਣਕਾ ਕਿਣਕਾ ਹੋ ਜਾਣਾ।
ਚੁਆਤੀਆਂ ਲਾਉਣੀਆਂ-ਖਰਵਾ ਬੋਲ ਬੋਲ ਕੇ ਦੁਖੀਏ ਨੂੰ ਸਤਾਉਣਾ।
ਚੁਸਕੀ ਲਾ ਲੈਣੀ-ਦੋ ਘੁਟ ਸ਼ਰਾਬ ਛਕ ਲੈਣੀ, ਕੰਮ ਦੇ ਰੁਝੇਵੇਂ ਵਿੱਚ ਸਮਾਂ ਕੱਢ ਕੇ ਨਸ਼ੇ ਤੇ ਰਾਗ ਆਦਿ ਦਾ ਅਨੰਦ ਮਾਣਨਾ।
ਚੁੱਕ ਵਿੱਚ ਆਉਣਾ-ਕਿਸੇ ਦੀਆਂ ਗੱਲਾਂ ਵਿੱਚ ਆ ਕੇ ਦੂਜੇ ਦੇ ਖ਼ਿਲਾਫ਼ ਹੋ ਜਾਣਾ, ਪ੍ਰੇਰਿਆ ਜਾਣਾ।
ਚੁੰਜ ਸੁਆਰਨਾ-ਤਿਆਰ ਹੋਣਾ।
ਚੁੰਝ-ਚਰਚਾ-ਬਹਿਸ-ਵਿਮਰਸ਼ ਕਰਨਾ।
ਚੁਟਕੀਆਂ ਭਰਨੀਆਂ-ਮੁੜ-ਮੁੜ ਯਾਦ ਆਉਣਾ।
ਚੁੱਪ ਵਰਤ ਜਾਣੀ-ਖ਼ਾਮੋਸ਼ੀ ਛਾ ਜਾਣੀ।
ਚੁਰਾਹੇ ਵਿੱਚ ਹਾਂਡੀ ਭੰਨਣੀ-ਭੇਤ ਖੋਲ੍ਹ ਦੇਣਾ, ਕਰਤੂਤ ਪ੍ਰਗਟ ਕਰ ਦੇਣੀ, ਬੇਇੱਜ਼ਤੀ ਕਰਨੀ।
ਚੁੱਲੇ ਅੱਗ ਨਾ ਬਲਣੀ-ਅਤਿ ਦੀ ਗ਼ਰੀਬੀ ਆ ਜਾਣੀ, ਅਤਿ ਸ਼ੋਕ ਕਾਰਨ ਘਰ ਰੋਟੀ ਨਾ ਪੱਕਣੀ।
ਚੂਲ਼ ਢਿੱਲੀ ਰਹਿ ਜਾਣੀ-ਕੋਈ ਨਾ ਕੋਈ ਘਾਟ ਰਹਿ ਜਾਣੀ।
ਚੁਲ਼ਾਂ ਉਖੜੀਆਂ ਰਹਿਣਾ-ਕੋਈ ਨਾ ਕੋਈ ਰੋਗ ਚਿੰਬੜਿਆ ਰਹਿਣਾ।
ਚੂਲੀ ਪਾਉਣਾ-ਕਿਸੇ ਹੋਰ ਦੇ ਹਵਾਲੇ ਕਰ ਦੇਣਾ।
ਚੂੰ ਚਾਂ ਕਰਨਾ-ਨਾਂਹ-ਨੁੱਕਰ ਕਰਨੀ, ਕਿਸੇ ਗੱਲੋਂ ਇਨਕਾਰ ਕਰ ਦੇਣੀ।
ਚੂੰ ਨਾ ਕਰ ਸਕਣਾ-ਅੱਗੋਂ ਕੁਸਕਣਾ ਨਾ, ਕੋਈ ਹੀਲ ਹੁੱਜਤ ਨਾ ਕਰਨੀ।
ਚਿਹਰਾ ਉਤਰਿਆ ਜਾਣਾ-ਕਮਜ਼ੋਰ ਹੋ ਜਾਣਾ, ਸਰੀਰਕ ਤੌਰ 'ਤੇ ਲਿੱਸਾ ਹੋ ਜਾਣਾ।
ਚਿਹਰਾ ਕਾਲਾ ਪੈ ਜਾਣਾ-ਮੁਰਝਾ ਜਾਣਾ, ਬਦਨਾਮੀ ਕਾਰਨ ਚਿਹਰੇ ਦਾ ਰੰਗ ਉੱਤਰ ਜਾਣਾ।
ਚਿਹਰੇ ਤੇ ਹਵਾਈਆਂ ਉਡਣੀਆਂ-ਸ਼ਰਮ ਕਾਰਨ ਰੰਗ ਫੱਕ ਹੋ ਜਾਣਾ।
ਚਿਹਰੇ ਖਿੜਨੇ-ਖ਼ੁਸ਼ੀ ਕਾਰਨ ਚਿਹਰੇ 'ਤੇ ਜਲਾਲ ਆ ਜਾਣਾ, ਚਮਕ ਆ ਜਾਣੀ, ਲਿਸ਼ਕ ਮਾਰਨੀ।

ਲੋਕ ਸਿਆਣਪਾਂ/212