ਪੰਨਾ:ਲੋਕ ਸਿਆਣਪਾਂ - ਸੁਖਦੇਵ ਮਾਦਪੁਰੀ.pdf/53

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੀ ਵਰਤੋਂ-ਵਿਹਾਰ ਤੁਸੀਂ ਦੂਜੇ ਨਾਲ਼ ਕਰੋਗੇ, ਉਹੋ ਜਿਹਾ ਵਰਤਾਰਾ ਤੁਹਾਨੂੰ ਦੂਜੇ ਪਾਸੋਂ ਮਿਲਗੇ। ਜਿਹੋ ਜਿਹੀ ਭਾਜੀ ਤੁਸੀਂ ਪਾਵੋਗੇ, ਉਹੋ ਜਿਹੀ ਤੁਹਾਨੂੰ ਮੁੜੇਗੀ।

ਹੱਥ ਪੱਲਾ ਸੱਖਣਾ, ਖ਼ੁਦਾ ਪੜਦਾ ਰੱਖਣਾ——ਜਦੋਂ ਕਿਸੇ ਦੀ ਇੱਜ਼ਤ ਆਬਰੂ ਖ਼ਤਰੇ ਵਿੱਚ ਪੈ ਜਾਵੇ ਤਾਂ ਉਹ ਰੱਬ ਤੇ ਟੇਕ ਰੱਖੇ, ਉਦੋਂ ਇਹ ਅਖਾਣ ਵਰਤਿਆ ਜਾਂਦਾ ਹੈ।

ਹੱਥ ਪੁਰਾਣੇ ਖੋਸੜੇ ਬਸੰਤੇ ਹੋਰੀਂ ਆਏ-ਜਦੋਂ ਕੋਈ ਬੰਦਾ ਭੱਜ——ਦੌੜ ਕਰਨ ਮਗਰੋਂ ਆਪਣੇ ਕੰਮ-ਕਾਰ ਵਿੱਚ ਸਫ਼ਲਤਾ ਪ੍ਰਾਪਤ ਨਾ ਕਰੇ ਤੇ ਨਿਰਾਸ਼ ਹੋ ਕੇ ਆਪਣੇ ਘਰ ਪਰਤ ਆਏ ਤਾਂ ਵਿਅੰਗ ਨਾਲ਼ ਇਹ ਅਖਾਣ ਉਸ ਪਰਤੀ ਬੋਲਿਆ ਜਾਂਦਾ ਹੈ।

ਹੱਥ ਵਿੱਚ ਫੜੀ ਤਸਬੀ ਮੂੰਹ ਵਿੱਚ ਰੱਖੀ ਗਾਲ, ਮਾਲਾ ਏਥੇ ਰਹਿਵਣੀ, ਬੋਲ ਚਲਣਗੇ ਨਾਲ——ਜਦੋਂ ਇਹ ਦੱਸਣਾ ਹੋਵੇ ਕਿ ਬੰਦੇ ਦੇ ਚੰਗੇ ਕੀਤੇ ਕੰਮਾਂ ਨਾਲ਼ ਹੀ ਅਗਲੀ ਦਰਗਾਹ ਵਿੱਚ ਨਿਬੇੜਾ ਹੋਣਾ ਹੈ, ਭਜਨ, ਬੰਦਗੀ ਏਥੇ ਹੀ ਰਹਿ ਜਾਣੀ ਹੈ।

ਹੱਥਾਂ ਦੀਆਂ ਦਿੱਤੀਆਂ ਦੰਦਾਂ ਨਾਲ਼ ਖੋਲ੍ਹਣੀਆਂ ਪੈਂਦੀਆਂ ਹਨ——ਜਦੋਂ ਕੋਈ ਬੰਦਾ ਆਪ ਹੀ ਗ਼ਲਤੀ ਕਰਕੇ ਆਪਣਾ ਕੰਮ ਵਿਗਾੜ ਲਵੇ ਤਾਂ ਉਸ ਨੂੰ ਆਪ ਹੀ ਔਖਾ ਹੋ ਕੇ ਆਪਣਾ ਕੰਮ ਠੀਕ ਕਰਨਾ ਪਵੇ, ਉਦੋਂ ਇਹ ਅਖਾਣ ਵਰਤਦੇ ਹਨ।

ਹੱਥਾਂ ਬਾਝ ਕਰਾਰਿਆਂ ਵੈਰੀ ਮਿੱਤ ਨਾ ਹੋਏ——ਭਾਵ ਸਪੱਸ਼ਟ ਹੈ ਕਿ ਵੈਰੀ ਨੂੰ ਕਰੜੇ ਹੱਥਾਂ ਨਾਲ਼ ਹੀ ਸਬਕ ਸਿਖਾਉਣਾ ਚਾਹੀਦਾ ਹੈ। ਜੇ ਤੁਸੀਂ ਆਪਣੇ ਦੁਸ਼ਮਣ ਨਾਲ਼ ਸਖ਼ਤਾਈ ਨਹੀਂ ਵਰਤੋਗੇ ਤਾਂ ਉਹ ਤੁਹਾਡੇ ਸਿਰ ਚੜ੍ਹ ਜਾਵੇਗਾ।

ਹਥਿਆਰ ਉਹ ਜਿਹੜਾ ਵੇਲੇ ਸਿਰ ਕੰਮ ਆਵੇ——ਜਦੋਂ ਕਿਸੇ ਲੋੜ ਸਮੇਂ ਅਸਲੀ ਚੀਜ਼ ਦੀ ਥਾਂ ਕਿਸੇ ਹੋਰ ਚੀਜ਼ ਨਾਲ ਕੰਮ ਸਾਰ ਲਿਆ ਜਾਵੇ, ਉਦੋਂ ਇਹ ਅਖਾਣ ਬੋਲਦੇ ਹਨ।

ਹੱਥੀਂ ਕੜੇ, ਢਿਡ ਭੁੱਖ ਨਾਲ ਸੜੇ——ਜਦੋਂ ਕੋਈ ਆਰਥਿਕ ਪੱਖੋਂ ਕਮਜ਼ੋਰ ਬੰਦਾ ਬਾਹਰੀ ਤੌਰ 'ਤੇ ਆਪਣੀ ਸ਼ਾਨੋ-ਸ਼ੌਕਤ ਦਾ ਦਿਖਾਵਾ ਕਰੇ, ਉਦੋਂ ਇੰਜ ਆਖਦੇ ਹਨ।

ਹੱਥੋਂ ਦਏ ਨਾ, ਖਾਹ ਬੱਚਾ ਖਾਹ——ਜਦੋਂ ਕੋਈ ਜਣਾ ਮਿੱਠੀਆਂ-ਮਿੱਠੀਆਂ ਚੋਪੜੀਆਂ ਗੱਲਾਂ ਮਾਰ ਕੇ ਸਾਰੇ ਤੇ ਆਪਣੇ ਹੱਥੀਂ ਕੁਝ ਦੇਵੇ ਨਾ, ਉਦੋਂ ਇਹ ਅਖਾਣ ਬੋਲਦੇ ਹਨ।

ਹੱਥੋ ਹੱਥ ਨਬੇੜਾ, ਨਾ ਝਗੜਾ ਨਾ ਖੇੜਾ——ਜਦੋਂ ਕੋਈ ਬੰਦਾ ਕਿਸੇ ਤੋਂ ਕੋਈ ਚੀਜ਼ ਲੈ ਕੇ ਉਸ ਦਾ ਮੁੱਲ ਤਾਰਨ ਲਈ ਨਾਂਹ ਨੁੱਕਰ ਕਰੇ ਤਾਂ ਅੱਗੋਂ ਅਗਲਾ ਚੀਜ਼ ਦਾ ਮੁੱਲ ਲੈਣ ਲਈ ਇਹ ਅਖਾਣ ਵਰਤਦਾ ਹੈ।

ਹਮ ਨਾ ਵਿਆਹੇ, ਕਾਹਦੇ ਸਾਹੇ——ਜਦੋਂ ਹੋਰਨਾਂ ਬੰਦਿਆਂ ਦਾ ਕੰਮ ਹੋ ਜਾਵੇ ਤੇ ਕਿਸੇ ਦਾ ਆਪਣਾ ਕੰਮ ਸਿਰੇ ਨਾ ਲੱਗੇ ਤਾਂ ਉਸ ਦੀ ਮਾਨਸਿਕ ਸਥਿਤੀ ਪ੍ਰਗਟ ਕਰਨ ਲਈ ਇਹ ਅਖਾਣ ਵਰਤਦੇ ਹਨ।