ਸਮੱਗਰੀ 'ਤੇ ਜਾਓ

ਪੰਨਾ:ਵਗਦੇ ਪਾਣੀ - ਡਾਕਟਰ ਦੀਵਾਨ ਸਿੰਘ ਕਾਲੇਪਾਣੀ.pdf/33

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਜਣੇ ਨੂੰ

ਜਣਿਆ,
ਓ ਜਣਿਆ,
ਸਤ ਫੁੱਟੇ ਸ਼ਤੀਰ ਜਿੱਡਾ ਤੇਰਾ ਜੁੱਸਾ,
ਖਰਾਸ ਦੇ ਪੁੜ ਜਿੱਡੀ ਤੇਰੀ ਛਾਤੀ,
ਨਾੜਾਂ ਕਿਰਲਿਆਂ ਵਾਂਗ ਖੜੀਆਂ ਤੇਰੇ ਗਾਟੇ ਦੀਆਂ,
ਉਤੇ ਹਦਵਾਨੇ ਜਿੱਡਾ ਇਕ ਸਰ।

ਇਸ ਜਸੀਮ ਜੁੱਸੇ ਅੰਦਰ,
ਕੁਝ ਜਾਨ ਵੀ ਹੈ ਈ,
ਜਾਨ ਵਿਚ ਜਵਾਨੀ,
ਜਵਾਨੀ ਵਿਚ ਚਾਅ-
ਹੋਣ ਦਾ, ਥੀਨ ਦਾ, ਜਿਊਣ ਦਾ?

ਇਸ ਚੌੜੀ ਛਾਤੀ ਅੰਦਰ,
ਕੋਈ ਦਿਲ ਵੀ ਹੈ ਈ,
ਦਿਲ ਅੰਦਰ ਦਰਦ,
ਦਰਦ ਅੰਦਰ ਸ਼ਿੱਦਤ-
ਦੁੱਖ ਨੂੰ ਦੇਖ ਕੁਝ ਕੁਝ ਹੋਵੀਣ ਦੀ, ਦਰਦੀਣ ਦਾ, ਤੜਫੀਣ
ਦੀ?

੨੮