ਪੰਨਾ:ਵਰ ਤੇ ਸਰਾਪ.pdf/112

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਰ ਅਜ ਜਾਪਦਾ ਹੈ ਜਿਵੇਂ ਇਸ ਪਿੰਡ ਤੋਂ ਮੌਤ ਦਾ ਰਾਜ ਹੈ। ਉਹ ਹੰਸੂ ਹੰਸੂ ਕਰਦੇ ਚਿਹਰੇ ਪਤਾ ਨਹੀਂ ਕਿਥੇ ਅਲੋਪ ਹੋ ਗਏ ਹਨ। ਉਹ ਅਮਨ ਪਸੰਦ ਸ਼ਹਿਰੀ ਪਤਾ ਨਹੀਂ ਕਿਧਰ ਤੁਰ ਗਏ ਹਨ। ਮੌਤ ਦੇ ਫਰਿਸ਼ਤੇ ਹਰ ਪਾਸੇ ਪਰ ਫੈਲਾਈ ਪਸਰ ਗਏ ਜਾਪਦੇ ਹਨ। ਬਾਂਸ, ਬੇਲ ਤੇ ਪਪੀਤੇ ਦਿਆਂ ਝੁੰਡਾਂ ਵਿਚੋਂ ਜਦੋਂ ਸਾਂ ਸਾਂ ਕਰ ਕੇ ਹਵਾ ਲੰਗਦੀ ਹੈ ਤਾਂ ਇਉਂ ਪਰਤੀਤ ਹੁੰਦਾ ਹੈ ਜਿਵੇਂ ਕੋਈ ਡੂੰਘੇ ਵੈਣ ਛੋਹ ਬੈਠੀ ਹੈ। ਕਹਿੰਦੇ ਹਨ ਇਸ ਥਾਵੇਂ ਇਤਹਾਦੀ ਫੌਜਾਂ ਤੇ ਜਾਪਾਨ ਦੀ ਸੈਨਾ ਵਿਚਕਾਰ ਬੜੀ ਭਿਆਨਕ ਲੜਾਈ ਹੋਈ ਸੀ। ਫੇਰ ਜਾਪਾਨੀ ਸੈਨਾ ਪਿਛੇ ਹਟ ਗਈ। ਫੇਰ ਇਤਹਾਦੀ ਫੌਜ ਦਾ ਇਸ ਪਿੰਡ ਤੇ ਕਬਜ਼ਾ ਹੋ ਗਿਆ। ਅਜ ਕਲ ਇਹ ਇਕ ਪਰਸਿਧ ਫੌਜੀ ਛਾਉਣੀ ਹੈ। ਇਤਹਾਦੀ ਸੈਨਾ ਦੇ ਟਰੱਕ, ਜੀਪਾਂ, ਟੈਂਕ, ਗਨ ਮਸ਼ੀਨਾਂ, ਆਰਮਰਡ ਕਾਰਾਂ, ਵਡੇ ਬੁਲ ਡੋਜ਼ਰ, ਹਵਾਈ ਜਹਾਜ਼ ਜਿੰਨਾਂ ਵਿਚ ਬੰਬਰ ਹਨ, ਲੜਾਕੇ ਹਨ। ਟਰੁਪਸ ਤੇ ਗੁਡਜ਼ ਕੈਰੀਅਰਜ਼ ਹਨ, ਸਭ ਏਥੇ ਰਾਜ ਕਰਦੇ ਹਨ। ਇਨ੍ਹਾਂ ਦੀਆਂ ਗਰਜਦਾਰ ਅਵਾਜ਼ਾਂ ਦਿਨ ਰਾਤ, ਭਿਆਨਕ ਦੇਵਾਂ ਵਾਂਗ ਸੀਗਾਂਗ ਦੀ ਫਿਜ਼ਾ ਵਿਚ ਗੁੰਜਦੀਆਂ ਰਹਿੰਦੀਆਂ ਹਨ। ਚੁੜੇਲਾਂ ਦੀਆਂ ਚੀਕਾਂ ਵਾਂਗ, ਹਵਾਈ ਹਮਲੇ ਦਾ ਸਾਇਰਨ ਦਿਨ ਵਿਚ ਕਈ ਕਈ ਵਾਰੀ ਵਾਯੂ ਮੰਡਲ ਵਿਚ ਗੂੰਜ ਉਠਦਾ ਹੈ। ਇਕ ਅਜਬ ਬੇਰਹਿਮੀ ਭਰੀ ਨਿਰਾਸਤਾ ਇਸ ਪਿੰਡ ਵਿਚ ਹਰ ਪਾਸੇ ਪਸਰ ਗਈ ਜਾਪਦੀ ਹੈ। ਕੋਈ ਕਿਸੇ ਦੀ ਨਹੀਂ ਸੁਣਦਾ। ਕੋਈ ਕਿਸੇ ਨੂੰ ਨਹੀਂ ਜਾਣਦਾ।

ਅਜ ਕਈ ਦਿਨਾਂ ਤੋਂ ਇਸੇ ਬਾਵੇਂ ਹੀ ਜਾਹਨੀ, ਜੋ ਤੇ ਲੈਫ਼ਟੀਨੈਂਟ ਸਿੰਘ ਦੀ ਰਜਮੈਂਟ ਛਾਉਣੀ ਪਾ ਕੇ ਬੈਠੀ ਹੈ।

੧੧੮.

ਵਰ ਤੇ ਸਰਾਪ