ਸਮੱਗਰੀ 'ਤੇ ਜਾਓ

ਪੰਨਾ:ਵਹੁਟੀਆਂ.pdf/37

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

( ੪੧ )


ਦੀ ਸ਼ਰਾਬ ਸਦਾ ਇਹਦੇ ਘਰ ਵਿਚ ਮੌਜੂਦ ਰਹਿੰਦੀ ਸੀ, ਅੰਗਰੇਜ਼ਾਂ ਵਾਂਗ ਬਾਗ ਵਿਚ ਕੋਠੀ ਬਣਵਾਕੇ ਰਹਿੰਦਾ ਸੀ, ਲੋੜ ਵੇਲੇ ਸਿਆਲ ਕੋਟੋਂ ਲਾਹੌਰੋਂ ਜਾਂ ਲਖਨਊ ਤੋਂ ਪ੍ਰਸਿੱਧ ਕੰੰਜਰੀਆਂ ਵੀ ਮੰਗਵਾ ਲੈਂਦਾ ਸੀ ਮੂਲ ਕੀ ਹੁਕਮ ਪਾਉਂਦਿਆਂ ਹੀ ਨੌਕਰ ਗਲਾਸ ਅਤੇ ਬੋਤਲ ਲੈ ਕੇ ਆ ਹਾਜ਼ਰ ਹੋਇਆ ਅਤੇ ਅਰਜਨ ਸਿੰਘ ਨੇ ਗਲਾਸ ਭਰ ਭਰ ਕੇ ਸ਼ਰਾਬ ਉਡਾਉਣੀ ਸ਼ੁਰੂ ਕਰ ਦਿਤੀ। ਏਨੇ ਨੂੰ ਨੱਗਰ ਦੇ ਮਰਾਸੀਆਂ ਦੀ ਟੋਲੀ ਆ ਹਾਜ਼ਰ ਹੋਈ ਪਰ ਕਲਕਤੇ ਦੀ ਗੌਹਰ ਜਾਨ ਦੇ ਗਾਣੇ ਸੁਣ ਕੇ ਆਏ ਹੋਏ ਅਰਜਨ ਸਿੰਘ ਨੂੰ ਇਹਨਾਂ ਵਿਚਾਰੇ ਮਰਸੀਆਂ ਦਾ ਗਾਣਾ ਕਦ ਪਸੰਦ ਆਉਂਦਾ ਸੀ। ਇਨਾਮ ਲੈ ਕੇ ਵਿਦਿਆ ਹੋਏ ਅਤੇ ਝੱਟ ਹੀ ਇਕ ਹੋਰ ਸਿੱਧਾ ਸਾਦਾ ਨੌਜਵਾਨ ਜਿਸ ਦੇ ਕਪੜੇ ਕੋਈ ਬਹੁਤ ਸੋਹਣੇ ਨਹੀਂ ਸਨ ਪਰ ਚਿਹਰੇ ਤੋਂ ਅਕਲੀਆ ਜਾਪਦਾ ਸੀ, ਆ ਪਹੁੰਚਾ। ਇਹ ਨੌਜਵਾਨ ਅਰਜਨ ਸਿੰਘ ਦੇ ਚਾਚੇ ਦਾ ਪੁਤਰ ਗੋਪਾਲ ਸਿੰਘ ਸੀ। ਭਾਵੇਂ ਗੋਪਾਲ ਸਿੰਘ ਅਰਜਨ ਸਿੰਘ ਦੀਆਂ ਆਦਤਾਂ ਦਾ ਵਿਰੋਧੀ ਸੀ ਪਰ ਫੇਰ ਵੀ ਇਹਨਾਂ ਦੋਹਾਂ ਦਾ ਆਪੋ ਵਿਚ ਅਤਯੰਤ ਪ੍ਰੇਮ ਸੀ ਅਤੇ ਅਰਜਨ ਸਿੰਘ ਦੁਨੀਆਂ ਭਰ ਵਿਚ ਬਿਨਾਂ ਇਸ ਦੇ ਹੋਰ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਸੀ। ਗੋਪਾਲ ਸਿੰਘ ਰੋਜ਼ ਰਾਤ ਨੂੰ ਅਰਜਨ ਸਿੰਘ ਨੂੰ ਮਿਲਣ ਆਉਂਦਾ ਪਰ ਉਹਦੀ ਸ਼ਰਾਬ ਦੇ ਡਰ ਕਰਕੇ ਥੋੜਾ ਚਿਰ ਹੀ ਬਹਿ ਕੇ ਚਲਿਆ ਜਾਂਦਾ ਸੀ।
ਜਦ ਦੋਵੇਂ ਜਣੇ ਇਕੱਲੇ ਰਹਿ ਗਏ ਤਾਂ ਇਸ ਪ੍ਰਕਾਰ ਗੱਲਾਂ ਅਰੰਭ ਹੋਈਆਂ:
ਗੋਪਾਲ ਸਿੰਘ-ਸੁਣਾਓ ਅੱਜ ਤਬੀਅਤ ਕੈਸੀ ਹੈ?