ਜਾਗੋ
ਜਾਗੋ
ਵਿਆਹ ਵਿਚ ਮੁਟਿਆਰਾਂ ਨੂੰ ਸਭ ਤੋਂ ਵੱਧ ਚਾਅ ਜਾਗੋ ਕੱਢਣ ਦਾ ਹੁੰਦਾ ਹੈ। ਜਾਗੋ ਵਿਆਹ ਦੀ ਇਕ ਅਜਿਹੀ ਸ਼ਾਨਾਂਮੱਤੀ, ਖ਼ੂਬਸੂਰਤ ਤੇ ਮਨਮੋਹਕ ਰਸਮ ਹੈ ਜਿਸ ਨੂੰ ਨਾਨਕਾ ਮੇਲ਼ ਵਲੋਂ ਮੁੰਡੇ-ਕੁੜੀ ਦੇ ਵਿਆਹ ਦੇ ਅਵਸਰ 'ਤੇ ਬੜੇ ਉਤਸ਼ਾਹ ਅਤੇ ਉਮਾਹ ਨਾਲ਼ ਕੱਢਿਆ ਜਾਂਦਾ ਹੈ। ਪੁਰਾਤਨ ਸਮੇਂ ਤੋਂ ਹੀ ਜਾਗੋ ਕੱਢਣ ਦਾ ਰਿਵਾਜ ਪ੍ਰਚੱਲਿਤ ਹੈ। ਇਹ ਰਾਤ ਸਮੇਂ ਕੱਢੀ ਜਾਂਦੀ ਹੈ। ਦਿਨ ਵੇਲੇ ਪਿੱਤਲ ਦੀ ਵਲਟੋਹੀ 'ਤੇ ਆਟੇ ਦੇ ਦੀਵੇ ਬਣਾ ਕੇ ਚਿਪਕਾ ਦਿੱਤੇ ਜਾਂਦੇ ਹਨ ਅਤੇ ਰਾਤੀਂ ਉਨ੍ਹਾਂ ਵਿਚ ਰੂੰ ਦੀਆਂ ਬੱਤੀਆਂ ਰੱਖ ਕੇ ਤੇ ਸਰ੍ਹੋਂ ਦਾ ਤੇਲ ਪਾ ਕੇ ਮਘਾ ਦਿੱਤਾ ਜਾਂਦਾ ਹੈ। ਇਸ ਜਗਦੀ ਹੋਈ ਵਲਟੋਹੀ ਨੂੰ ਜਾਗੋ ਆਖਦੇ ਹਨ।
ਨਾਨਕਾ ਮੇਲ਼ ਨਾਲ਼ ਆਈ ਵਿਆਂਹਦੜ ਦੀ ਜੋਬਨ ਮੱਤੀ, ਬਾਂਕੀ ਮੁਟਿਆਰ ਮਾਮੀ, ਪੰਜਾਬੀ ਪਹਿਰਾਵੇ ਵਿਚ ਫੱਬੀ, ਸੱਗੀ ਫੁੱਲਾਂ ਨਾਲ਼ ਗੁੰਦੇ ਸਿਰ ਉਤੇ ਮਲਕੜੇ ਜਹੇ ਜਗਮਗਾਂਦੇ ਦੀਵਿਆਂ ਵਾਲ਼ੀ ਵਲਟੋਹੀ ਨੂੰ ਟਿਕਾਂਦੀ ਹੈ ਤੇ ਵਿਆਹ ਵਾਲ਼ੇ ਘਰ ਵਿਚ ਸ਼ਗਨ ਵਜੋਂ ਪਹਿਲਾਂ ਗਿੱਧੇ ਦੀਆਂ ਕੁਝ ਬੋਲੀਆਂ ਪਾਈਆਂ ਜਾਂਦੀਆਂ ਹਨ। ਜਾਗੋ ਵਾਲ਼ੀ ਮਾਮੀ ਬਿਨਾਂ ਵਲਟੋਹੀ ਨੂੰ ਹੱਥ ਲਾਏ ਗਿੱਧੇ ਵਿਚ ਨੱਚਦੀ ਹੋਈ ਆਪਣੀ ਕਲਾ-ਕੌਸ਼ਲਤਾ ਦਾ ਪ੍ਰਗਟਾਵਾ ਕਰਦੀ ਹੈ। ਗਹਿਣੇ-ਗੱਟਿਆਂ ਅਤੇ ਝਿਲਮਲ-ਝਿਲਮਲ ਕਰਦੀਆਂ ਰੇਸ਼ਮੀ ਪੁਸ਼ਾਕਾਂ ਨਾਲ਼ ਸਜੀਆਂ ਫੱਬੀਆਂ ਮੇਲਣਾਂ ਅਤੇ ਸ਼ਰੀਕੇ ਦੀਆਂ ਮੁਟਿਆਰਾਂ ਦੇ ਚਿਹਰਿਆਂ 'ਤੇ ਪੈਂਦੀ ਜਾਗੋ ਦੀ ਰੋਸ਼ਨੀ ਕਹਿਰਾਂ ਦਾ ਰੂਪ ਚਾੜ੍ਹ ਦੇਂਦੀ ਹੈ ਅਤੇ ਉਨ੍ਹਾਂ ਦਿਆਂ ਨੈਣਾਂ ਵਿਚੋਂ ਖ਼ੁਸ਼ੀ ਦੀਆਂ ਫੁਹਾਰਾਂ ਵਹਿ ਤੁਰਦੀਆਂ ਹਨ। ਉਹ ਜਾਗੋ ਦੇ ਗੀਤ ਗਾਉਂਦੀਆਂ ਹੋਈਆਂ ਅਦਭੁੱਤ ਨਜ਼ਾਰਾ ਪੇਸ਼ ਕਰਦੀਆਂ ਹਨ। ਇਨ੍ਹਾਂ ਮੁਟਿਆਰਾਂ ਦਾ ਜਲੌ ਵੇਖਣ ਵਾਲ਼ਾ ਹੁੰਦਾ ਹੈ। ਇਨ੍ਹਾਂ ਮੇਲਣਾਂ ਵਿਚੋਂ ਕੋਈ ਹੁੰਦੜਹੇਲ ਮੁਟਿਆਰ ਖੂੰਡੇ 'ਤੇ ਘੁੰਗਰੂ ਬੰਨ੍ਹ ਕੇ ਖੂੰਡਾ ਖੜਕਾਉਂਦੀ ਹੋਈ ਜਾਗੋ ਦੇ ਅੱਗੇ-ਅੱਗੇ ਤੁਰਦੀ ਹੈ- ਇਹ ਜਾਗੋ ਪਿੰਡ ਵਿਚ ਸ਼ਰੀਕੇ ਦੇ ਘਰਾਂ ਵਿਚ ਲਜਾ ਕੇ ਜਾਗੋ ਦਾ ਗਿੱਧਾ ਪਾਇਆ ਜਾਂਦਾ ਹੈ- ਜਾਗੋ ਕਢਦੀਆਂ ਹੋਈਆਂ ਸੁਆਣੀਆਂ ਪਿੰਡ ਦੀਆਂ ਗਲ਼ੀਆਂ ਵਿਚ ਤੁਰਦੀਆਂ ਹੋਈਆਂ ਸਮੂਹਿਕ ਰੂਪ ਵਿਚ ਜਾਗੋ ਅਤੇ 'ਆਉਂਦੀਏ ਕੁੜੀਏ, ਜਾਂਦੀਏ ਕੁੜੀਏ' ਦੇ ਗੀਤ ਰੂਪ ਗਾਉਂਦੀਆਂ ਹਨ:
ਵਿਆਹ ਦੇ ਗੀਤ/ 139