ਪੰਨਾ:ਵਿਆਹ ਦੇ ਗੀਤ – ਸੁਖਦੇਵ ਮਾਦਪੁਰੀ.pdf/142

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਗੋ ਕਢਣੀ ਮੜਕ ਨਾਲ਼
ਤੁਰਨਾ ਬਈ ਵਿਆਹ ਕਰਤਾਰੇ ਦਾ

ਜਾਗੋ ਵਾਲ਼ੀਆਂ ਘਰੋਂ ਤੁਰਨ ਸਮੇਂ ਮੰਗਲਾਚਰਨ ਵਜੋਂ ਗੁਰੂਆਂ ਪੀਰਾਂ ਨੂੰ ਧਿਆਉਂਦੀਆਂ ਹਨ:

ਆਉਂਦੀ ਕੁੜੀਏ, ਜਾਂਦੀਏ ਕੁੜੀਏ
ਚੱਕ ਲਿਆ ਬਾਜ਼ਾਰ ਵਿਚੋਂ ਕਾਨਾ
ਭਗਤੀ ਦੋ ਕਰਗੇ
ਗੁਰੂ ਨਾਨਕ ਤੇ ਮਰਦਾਨਾ
ਭਗਤੀ ਦੋ ਕਰਗੇ

ਉਹ ਜਨ-ਸਾਧਾਰਨ ਵਿਚ ਜਾਗਰੂਕਤਾ ਦੀ ਭਾਵਨਾ ਦਾ ਸੰਚਾਰ ਕਰਨ ਲਈ ਹੋਕਾ ਦੇਂਦੀਆਂ ਹਨ:

ਜਾਗੋ ਜਾਗਦਿਆਂ ਦਾ ਮੇਲਾ ਬਈ
ਜਾਗੋ ਆਈ ਆ

ਪਿਛਲੀ ਸਦੀ ਦੇ ਛੇਵੇਂ ਦਹਾਕੇ ਤਕ ਪਿੰਡਾਂ ਵਿਚ ਬਿਜਲੀ ਨਹੀਂ ਸੀ ਆਈ। ਹਨ੍ਹੇਰੀਆਂ ਗਲ਼ੀਆਂ ਵਿਚੋਂ ਲੰਘਦੀ ਜਗਮਗਾਂਦੀ ਜਾਗੋ ਨੇ ਚਾਰੇ ਬੰਨੇ ਚਾਨਣ ਬਖੇਰਦੇ ਹੋਏ ਖ਼ੁਸ਼ੀਆਂ 'ਚ ਮਖ਼ਮੂਰ ਹੋਈਆਂ ਮੁਟਿਆਰਾਂ ਦੇ ਮੁਖੜਿਆਂ ਦੀ ਆਭਾ ਨੂੰ ਚਾਰ ਚੰਦ ਲਾ ਦੇਣੇ। ਉਨ੍ਹਾਂ ਆਪਣੀ ਆਮਦ ਦੀ ਸੂਚਨਾ ਗੀਤਾਂ ਦੇ ਬੋਲਾਂ ਨਾਲ਼ ਦੇਣੀ:

ਇਸ ਪਿੰਡ ਦੇ ਪੰਚੋ ਤੇ ਸਰਪੰਚੋ ਲੰਬੜਦਾਰੋ
ਬਈ ਬੱਤੀਆਂ ਜਗਾ ਕੇ ਰੱਖਿਓ
ਸਾਰੇ ਪਿੰਡ 'ਚ ਫੇਰਨੀ ਜਾਗੋ
ਬਈ ਲੋਕਾਂ ਦੇ ਪਰਨਾਲੇ ਭੰਨਣੇ

ਵਿਆਹ ਦੇ ਚਾਅ 'ਚ ਭੂਸਰੀਆਂ ਹੋਈਆਂ ਮੇਲਣਾਂ ਨੇ ਰਾਹ ਵਿਚ ਆਉਂਦੇ ਰੇਹੜੇ-ਗੱਡੇ ਉਲਟਾ ਦੇਣੇ, ਪਏ ਬਜ਼ੁਰਗਾਂ ਦੇ ਮੰਜੇ ਮੂਧੇ ਕਰ ਸੁਟਣੇ, ਓਟੇ ਝਲਿਆਨੀਆਂ ਤੋੜ ਦੇਣੀਆਂ, ਘਰਾਂ ਦੇ ਪਰਨਾਲੇ ਭੰਨਣੇ ਅਤੇ ਪਿੰਡ ਦੇ ਹਟਵਾਣੀਆਂ ਦੀਆਂ ਹੱਟੀਆਂ ਤੋਂ ਖਾਣ ਵਾਲ਼ੇ ਖਿੱਲਾਂ-ਮਖਾਣੇ ਲੁੱਟ ਲੈਣੇ। ਜੇ ਕੁਝ ਨਾ ਮਿਲਣਾ ਤਾਂ ਪਿੰਡ ਨੂੰ ਤਾਹਨੇ ਮਾਰਨੇ:

ਵਿਆਹ ਦੇ ਗੀਤ/ 140