ਪੰਨਾ:ਵਿਆਹ ਦੇ ਗੀਤ – ਸੁਖਦੇਵ ਮਾਦਪੁਰੀ.pdf/143

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਆਉਂਦੀ ਕੁੜੀਏ, ਜਾਂਦੀਏ ਕੁੜੀਏ
ਸੱਚ ਦੇ ਬਚਨ ਦੀਆਂ ਢਾਈਆਂ
ਨੀ ਏਥੇ ਦੇ ਮਲੰਗ ਬਾਣੀਏਂ
ਸਾਨੂੰ ਜੰਗ-ਹਰੜਾਂ ਨਾ ਥਿਆਈਆਂ
ਏਥੇ ਦੇ ਮਲੰਗ ਬਾਣੀਏਂ

ਆਉਂਦੀ ਕੁੜੀਏ ਜਾਂਦੀਏ ਕੁੜੀਏ
ਭਰ ਲਿਆ ਟੋਕਰਾ ਨੜਿਆਂ ਦਾ
ਕਿੱਥੇ ਲਾਹੇਂਗੀ ਕਿੱਥੇ ਲਾਹੇਂਗੀ
ਸਾਰਾ ਪਿੰਡ ਛੜਿਆਂ ਦਾ
ਕਿੱਥੇ ਲਾਹੇਂਗੀ...

ਮੇਲਣਾਂ ਦੀ ਭੰਨ-ਤੋੜ ਅਤੇ ਹਾਸੇ-ਠੱਠੇ ਦਾ ਕੋਈ ਬੁਰਾ ਨਹੀਂ ਸੀ ਮਨਾਉਂਦਾ। ਅਸਲ ਵਿਚ ਪੰਜਾਬ ਦੀ ਔਰਤ ਸਦੀਆਂ ਤੋਂ ਮਰਦ ਦੇ ਦਾਬੇ ਹੇਠ ਰਹੀ ਹੈ ਜਿਸ ਕਰਕੇ ਮਰਦ ਉਸ ਨੂੰ ਕੁਸਕਣ ਨਹੀਂ ਸੀ ਦੇਂਦੇ। ਕੇਵਲ ਵਿਆਹ ਦਾ ਹੀ ਇਕ ਅਵਸਰ ਹੁੰਦਾ ਹੈ ਜਿੱਥੇ ਪੰਜਾਬ ਦੀਆਂ ਔਰਤਾਂ ਆਪਣੀਆਂ ਦੱਬੀਆਂ ਕੁਚਲੀਆਂ ਅਤ੍ਰਿਪਤ ਕਾਮਨਾਵਾਂ ਦਾ ਇਜ਼ਹਾਰ ਨਸਿੰਗ ਹੋ ਕੇ ਕਰਦੀਆਂ ਹਨ ਅਤੇ ਮਨਾਂ ਦੇ ਗੁਭ-ਗੁਭਾੜ ਕੱਢਦੀਆਂ ਹਨ। ਵਿਆਹ ਦਾ ਆਯੋਜਨ ਔਰਤਾਂ ਨੂੰ ਖੁਲ੍ਹਾਂ ਲੈਣ ਦਾ ਅਵਸਰ ਪ੍ਰਦਾਨ ਕਰਦਾ ਹੈ- ਮਰਦ ਕੋਲ ਨਹੀਂ ਹੁੰਦੇ ਜਿਸ ਕਰਕੇ ਮੇਲਣਾਂ ਜਾਗੋ ਕੱਢਦੀਆਂ ਹੋਈਆਂ ਅਨੇਕ ਪ੍ਰਕਾਰ ਦੇ ਹਾਸੇ ਠੱਠੇ ਵਾਲ਼ੀਆਂ ਸ਼ਰਾਰਤਾਂ ਹੀ ਨਹੀਂ ਕਰਦੀਆਂ ਬਲਕਿ ਜਾਗੋ ਦੇ ਗਿੱਧੇ ਵਿਚ ਦਿਲ ਖੋਹਲ ਕੇ ਨੱਚਦੀਆਂ ਹੋਈਆਂ ਅਜਿਹੀਆਂ ਬੋਲੀਆਂ ਪਾਉਂਦੀਆਂ ਹਨ ਜਿਹੜੀਆਂ ਉਨ੍ਹਾਂ ਦੀ ਮਾਨਸਿਕਤਾ ਦੀ ਸ਼ਾਹਦੀ ਭਰਦੀਆਂ ਹਨ:

ਕੋਈ ਵੇਚੇ ਸੁੰਢ ਜਵੈਨ
ਕੋਈ ਵੇਚੇ ਰਾਈ
ਲੰਬੜ ਅਪਣੀ ਜ਼ੋਰੂ ਵੇਚੇ
ਟਕੇ ਟਕੇ ਸਿਰ ਸਾਈ
ਖ਼ਬਰਦਾਰ ਰਹਿਣਾ ਜੀ
ਜਾਗੋ ਨਾਨਕਿਆਂ ਦੀ ਆਈ

ਜਾਗੋ ਦਾ ਵਿਆਂਦੜ ਮੁੰਡੇ ਦੇ ਸ਼ਰੀਕੇ ਵਿਚ ਖ਼ਾਸ ਖ਼ਾਸ ਘਰਾਂ ਵਿਚ ਲੈ ਕੇ ਜਾਣਾ ਭਾਈਚਾਰਕ ਸਾਂਝਾਂ ਦਾ ਪ੍ਰਤੀਕ ਹੈ। ਮੁੰਡੇ ਦੀ ਮਾਂ ਜਾਗੋ ਨੂੰ ਖ਼ਾਸ ਖ਼ਾਸ ਅਪਣੱਤ ਵਾਲ਼ੇ ਘਰਾਂ ਵਿਚ ਲੈ ਕੇ ਜਾਂਦੀ ਹੈ ਜਿੱਥੇ ਜਾਗੋ ਦਾ ਗਿੱਧਾ ਪਾ ਕੇ ਖ਼ੂਬ

ਵਿਆਹ ਦੇ ਗੀਤ/ 141