ਨੱਚਿਆ ਜਾਂਦਾ ਹੈ ਅਤੇ ਨਸੰਗ ਹੋ ਕੇ ਗਿੱਧੇ ਦੀਆਂ ਬੋਲੀਆਂ ਪਾਈਆਂ ਜਾਂਦੀਆਂ ਹਨ। ਜਿਸ ਰਿਸ਼ਤੇਦਾਰੀ ਵਿਚ ਜਾਗੋ ਲਿਜਾਈ ਜਾਂਦੀ ਹੈ ਓਸ ਘਰ ਦੀ ਮਾਲਕਣ ਜਾਗੋ ਦੇ ਦੀਵਿਆਂ ਵਿਚ ਸਰ੍ਹੋਂ ਦਾ ਤੇਲ ਪਾਉਂਦੀ ਹੈ ਤੇ ਨਚਦੀਆਂ ਹੋਈਆਂ ਮੁਟਿਆਰਾਂ 'ਤੇ ਰੁਪਿਆਂ ਦੇ ਵਾਰਨੇ ਕਰਕੇ ਸ਼ਗਨ ਮਨਾਉਂਦੀ ਹੈ। ਇਸ ਪ੍ਰਕਾਰ ਅੱਧੀ ਰਾਤ ਤੋਂ ਵੀ ਵਧ ਸਮੇਂ ਤਕ ਮੇਲਣਾਂ ਜਾਗੋ ਕੱਢਦੀਆਂ ਹੋਈਆਂ ਪਿੰਡ ਵਿਚ ਖੌਰੂ ਪਾਈ ਰੱਖਦੀਆਂ ਹਨ।
ਜਾਗੋ ਕੱਢਣ ਦੇ ਕੁਝ ਸਾਰਥਕ ਕਾਰਨ ਸਨ। ਸਾਡੇ ਵਡਾਰੂਆਂ ਨੇ ਬੜੀ ਸਿਆਣਪ ਨਾਲ਼ ਸੋਚ ਸਮਝ ਕੇ ਜਾਗੋ ਕੱਢਣ, ਛੱਜ ਕੁੱਟਣ ਅਤੇ ਗਿੱਧਾ ਪਾਉਣ ਦੀ ਰੀਤ ਤੋਰੀ ਸੀ। ਪੁਰਾਣੇ ਸਮਿਆਂ ਵਿਚ ਪਿੰਡਾਂ ਦੀ ਸੁਰੱਖਿਆ ਪੱਖੋਂ ਹਾਲਤ ਬਹੁਤੀ ਚੰਗੀ ਨਹੀਂ ਸੀ। ਚੋਰੀਆਂ ਡਾਕੇ ਆਮ ਸਨ! ਜੰਗਲ ਬੇਲਿਆਂ, ਝਿੜੀਆਂ ਵਿਚੋਂ ਲੰਘਦੀਆਂ ਬਰਾਤਾਂ ਲੁੱਟਣ ਦੇ ਕਿੱਸੇ ਆਮ ਸਨ। ਓਦੋਂ ਬਰਾਤਾਂ ਕਈ-ਕਈ ਦਿਨ ਕੁੜੀ ਵਾਲ਼ਿਆਂ ਦੇ ਪਿੰਡ ਠਹਿਰਦੀਆਂ ਸਨ। ਜਨਾਨੀਆਂ ਤੇ ਮੁਟਿਆਰਾਂ ਨੂੰ ਅੱਜ ਕਲ੍ਹ ਵਾਂਗ ਬਰਾਤ ਨਾਲ਼ ਨਹੀਂ ਸੀ ਲਿਜਾਇਆ ਜਾਂਦਾ। ਪਿੰਡ ਦੇ ਗੱਭਰੂ ਤਾਂ ਬਰਾਤ ਨਾਲ਼ ਚਲੇ ਜਾਂਦੇ ਸਨ ਪਿਛੋਂ ਗਹਿਣੇ-ਗੱਟਿਆਂ ਨਾਲ਼ ਲੱਦੀਆਂ ਮੇਲਣਾਂ ਅਤੇ ਘਰਾਂ ਦੀ ਚੋਰ ਉਚੱਕਿਆਂ ਪਾਸੋਂ ਸੁਰੱਖਿਆ ਲਈ ਜਾਗੋ ਕੱਢਣ ਦਾ ਰਿਵਾਜ ਪ੍ਰਚੱਲਿਤ ਹੋ ਗਿਆ। ਇਸ ਨਾਲ਼ ਜਿਥੇ ਪਿਛੇ ਰਹੀਆਂ ਮੇਲਣਾਂ ਦਾ ਵਿਹਲਾ ਸਮਾਂ ਨਚਦਿਆਂ-ਟੱਪਦਿਆਂ ਵਧੀਆ ਢੰਗ ਨਾਲ਼ ਬਤੀਤ ਹੋ ਜਾਂਦਾ, ਓਥੇ ਉਹ ਪਿੰਡ ਦੇ ਲੋਕਾਂ ਨੂੰ ਸਾਰੀ-ਸਾਰੀ ਰਾਤ ਜਗਾਈ ਰੱਖਣ ਲਈ ਵੀ ਕਾਰਗਰ ਸਿੱਧ ਹੁੰਦੀਆਂ। ਛੱਜ ਬਰਾਤ ਚੜ੍ਹਨ ਵਾਲ਼ੀ ਰਾਤ ਨੂੰ ਕੁੱਟਿਆ ਜਾਂਦਾ ਸੀ ਤੇ ਜਾਗੋ ਗੱਭਲੀ ਰਾਤ ਨੂੰ ਕੱਢੀ ਜਾਂਦੀ।
ਅੱਜਕਲ੍ਹ ਦੇ ਵਿਆਹਾਂ ਸਮੇਂ ਵੀ ਜਾਗੋ ਕੱਢਣ ਦਾ ਰਿਵਾਜ ਤਾਂ ਹੈ ਪਰੰਤੂ ਹੁਣ ਉਹ ਮੁਟਿਆਰਾਂ ਕਿੱਥੇ ਹਨ ਜਿਹੜੀਆਂ ਬਿਨਾਂ ਹੱਥ ਦਾ ਸਹਾਰਾ ਲਾਏ ਸਿਰ 'ਤੇ ਜਾਗੋ ਰੱਖ ਕੇ ਨੱਚਣ ਦਾ ਸਾਹਸ ਰਖਦੀਆਂ ਹਨ। ਹੁਣ ਮੁੰਡੇ ਕੁੜੀ ਦੇ ਵਿਆਹ ਤੋਂ ਇਕ ਦਿਨ ਪਹਿਲਾਂ ਲੇਡੀਜ਼ ਸੰਗੀਤ ਦੇ ਨਾਲ਼ ਹੀ ਜਾਗੋ ਕੱਢੀ ਜਾਂਦੀ ਹੈ। ਆਰਕੈਸਟਰਾਂ ਵਾਲ਼ੇ ਡੀਜੇ ਦੇ ਸ਼ੋਰ ਸ਼ਰਾਬੇ ਵਾਲ਼ੇ ਸੰਗੀਤ ਦੀਆਂ ਧੁਨਾਂ 'ਤੇ ਮਦਹੋਸ਼ ਹੋਏ ਮੁੰਡੇ ਕੁੜੀਆਂ ਨੱਚਦੇ ਹਨ। ਸ਼ਹਿਰਾਂ ਵਿਚ ਤਾਂ ਜਾਗੋ ਕੱਢਣ ਵਾਲ਼ੀਆਂ ਕੁੜੀਆਂ ਵੀ ਕਿਰਾਏ 'ਤੇ ਮਿਲ ਜਾਂਦੀਆਂ ਹਨ। ਹੁਣ ਪੁਰਾਣੀ ਜਾਗੋ ਦੀ ਆਭਾ ਕਿਧਰੇ ਵੀ ਨਜ਼ਰ ਨਹੀਂ ਆਉਂਦੀ ਬਸ ਯਾਦਾਂ ਦਾ ਝੋਰਾ ਹੀ ਬਾਕੀ ਰਹਿ ਗਿਆ ਹੈ।
*
ਵਿਆਹ ਦੇ ਗੀਤ/ 142