ਸਮੱਗਰੀ 'ਤੇ ਜਾਓ

ਪੰਨਾ:ਵਿਆਹ ਦੇ ਗੀਤ – ਸੁਖਦੇਵ ਮਾਦਪੁਰੀ.pdf/17

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਨੰਦ ਜੀ ਦੀ ਬੰਸਰੀ ਸੌਣੇ ਨਾ ਦੇਵੇ
ਪਲਕਾਂ ਲਗਣੇ ਨਾ ਦੇਵੇ
ਨੰਦ ਜੀ ਦੀ ਬੰਸਰੀ
ਉੱਠ ਸਵੇਰੇ ਮੈਂ ਦਰਜ਼ੀ ਦੇ ਜਾਵਾਂ
ਆਪਣੇ ਬੰਨਰੇ ਦਾ ਮੈਂ ਸੂਟ ਸਮਾਵਾਂ
ਨੰਦ ਜੀ ਦੀ ਬੰਸਰੀ ਸੌਣੇ ਨਾ ਦੇਵੇ
ਪਲਕਾਂ ਲਗਣ ਨਾ ਦੇਵੇ
ਨੰਦ ਜੀ ਦੀ ਬੰਸਰੀ

ਉਠ ਸਵੇਰੇ ਮੈਂ ਲਲਾਰੀ ਦੇ ਜਾਵਾਂ
ਆਪਣੇ ਬੰਨਰੇ ਦਾ ਮੈਂ ਚੀਰਾ ਰੰਗਾਵਾਂ
ਨੰਦ ਜੀ ਦੀ ਬੰਸਰੀ ਸੌਣੇ ਨਾ ਦੇਵੇ
ਪਲਕਾਂ ਲਗਣ ਨਾ ਦੇਵੇ
ਨੰਦ ਜੀ ਦੀ ਬੰਸਰੀ

ਧੀ ਦੇ ਵਿਆਹ ਦੇ ਕਾਰਜ ਨੂੰ ਪਵਿੱਤਰ ਤੇ ਪੁੰਨ ਵਾਲ਼ਾ ਕਾਰਜ ਸਮਝਿਆ ਜਾਂਦਾ ਸੀ। ਓਦੋਂ ਆਨੰਦ ਕਾਰਜ ਦੀ ਰਸਮ ਸ਼ੁਰੂ ਨਹੀਂ ਸੀ ਹੋਈ ਪੰਡਤ-ਪਾਧੇ ਬੇਦੀ ਦੇ ਦੁਆਲੇ ਲਾੜਾ ਲਾੜੀ ਦੀਆਂ ਭੁਆਂਟਣੀਆਂ ਦੇ ਕੇ ਇਹ ਰਸਮ ਅਦਾ ਕਰਦੇ ਸਨ। ਇਸ ਰਸਮ ਨੂੰ ਸਾਹਾ ਸਧਾਉਣ ਦੀ ਰਸਮ ਕਹਿੰਦੇ ਸਨ। ਇਸ ਬਦਲੇ ਪੰਡਤ ਪਾਂਧੇ ਨੂੰ ਗਊਆਂ ਦਾਨ ਵਜੋਂ ਦੇਣ ਦਾ ਰਿਵਾਜ ਸੀ ਤੇ ਧੀਆਂ ਦੇ ਦਾਨ ਜਮਾਈ ਲੈਂਦੇ ਸਨ:

ਬੇਦੀ ਦੇ ਅੰਦਰ ਮੇਰਾ ਬਾਬਾ ਬੁਲਾਵੇ
ਸੱਦਿਆਂ ਬਾਝ ਕਿਉਂ ਨੀ ਆਉਂਦਾ
ਵੇ ਰੰਗ ਰਤੜਿਆ ਕਾਨ੍ਹਾਂ
ਗਊਆਂ ਦੇ ਦਾਨ ਪਾਂਧੇ ਪੰਡਤ ਲੈਂਦੇ
ਧੀਆਂ ਦੇ ਦਾਨ ਜਮਾਈ
ਵੇ ਰੰਗ ਰਤੜਿਆ ਕਾਨ੍ਹਾਂ
ਦਿੱਤੜੇ ਦਾਨ ਕਿਉਂ ਨੀ ਲੈਂਦਾ
ਵੇ ਰੰਗ ਰਤੜਿਆ ਕਾਨ੍ਹਾਂ

ਵਿਆਹ ਜਾਤ ਬਰਾਦਰੀ ਵਿਚ ਹੀ ਕੀਤੇ ਜਾਂਦੇ ਸਨ! ਉੱਚ ਜਾਤੀ ਦੇ ਲੋਕ ਨਿਮਨ ਜਾਤੀ ਦੀ ਧੀ ਨਾਲ਼ ਵਿਆਹ ਨਹੀਂ ਸੀ ਕਰਵਾਉਂਦੇ। ਬੋਪਾਂ ਨਾਂ ਦਾ

ਵਿਆਹ ਦੇ ਗੀਤ/ 15