ਸਮੱਗਰੀ 'ਤੇ ਜਾਓ

ਪੰਨਾ:ਵਿਆਹ ਦੇ ਗੀਤ – ਸੁਖਦੇਵ ਮਾਦਪੁਰੀ.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਬੜਾ ਹਰਮਨ ਪਿਆਰਾ ਸੁਹਾਗ ਗੀਤ ਹੈ ਜਿਸ ਵਿਚ ਰਣ ਸਿੰਘ ਨਾਂ ਦਾ ਉੱਚ ਜਾਤੀ ਦਾ ਗਭਰੂ ਪਾਣੀ ਭਰਨ ਗਈ ਬੋਪਾਂ ਦਾ ਪਲੜਾ ਚੁੱਕ ਦੇਂਦਾ ਹੈ ਤੇ ਬੋਪਾਂ ਆਪਣੇ ਆਪ ਨੂੰ ਨੀਵੀਂ ਜਾਤ ਦੀ ਆਖ ਕੇ ਆਪਣਾ ਖਹਿੜਾ ਛੁਡਾ ਲੈਂਦੀ ਹੈ। ਜਦੋਂ ਰਣ ਸਿੰਘ ਨੂੰ ਪਤਾ ਲਗਦਾ ਹੈ ਕਿ ਬੋਪਾਂ ਰਾਜੇ ਦੀ ਬੇਟੀ ਹੈ ਤਾਂ ਉਹ ਉਸ ਨਾਲ ਵਿਆਹ ਕਰਵਾਉਣ ਲਈ ਤਤਪਰ ਹੋ ਜਾਂਦਾ ਹੈ:

ਉੱਚਾ ਸੀ ਬੁਰਜ ਲਾਹੌਰ ਦਾ
ਵੇ ਬੋਪਾਂ ਪਾਣੀ ਨੂੰ ਗਈ ਆ
ਜਦ ਬੋਪਾਂ ਪਾਨੜਾ ਭਰ ਮੁੜੀ
ਰਣ ਸਿੰਘ ਪਲੜਾ ਚੁੱਕਿਆ ਵੇ
ਨਾ ਚੱਕੀਂ ਪਲੜਾ ਰਣ ਸਿਆਂ
ਬੋਪਾਂ ਜਾਤ ਕੁਜਾਤੇ

ਰਣ ਸਿੰਘ ਪੁੱਛਦਾ ਪਾਂਧੇ ਤੇ ਪੰਡਤਾਂ ਨੂੰ
ਵੇ ਬੋਪਾਂ ਕੀਹਦੀ ਐ ਜਾਈ
ਪਾਂਧੇ ਤੇ ਪੰਡਤ ਸੱਚ ਦੱਸਿਆ
ਵੇ ਬੋਪਾਂ ਰਾਜੇ ਦੀ ਜਾਈ
ਸਦਿਓ ਬਾਬਲ ਦੇ ਪਾਂਧੇ ਨੂੰ
ਵੇ ਮੇਰਾ ਸਾਹਾ ਸਧਾਇਓ ਵੇ
ਸਦਿਓ ਬਾਬਲ ਦੇ ਨਾਈ ਨੂੰ
ਵੇ ਮੇਰੀ ਚਿੱਠੀ ਤੁਰਾਇਓ ਵੇ
ਸਦਿਓ ਬਾਬਲ ਦੇ ਸੁਨਿਆਰੇ ਨੂੰ
ਵੇ ਮੇਰਾ ਗਹਿਣਾ ਘੜਾਇਓ ਵੇ
ਸਦਿਓ ਬਾਬਲ ਦੇ ਦਰਜੀ ਨੂੰ
ਮੇਰਾ ਸੂਟ ਸਮਾਇਓ ਵੇ
ਸਦਿਓ ਬਾਬਲ ਦੇ ਮੋਚੀ ਨੂੰ
ਮੇਰਾ ਜੋੜਾ ਸਮਾਇਓ ਵੇ

ਉਨ੍ਹਾਂ ਸਮਿਆਂ ਵਿਚ ਕੁੜੀਆਂ ਦੇ ਵਿਆਹ ਛੋਟੀ ਉਮਰ ਵਿਚ ਹੀ ਕਰ ਦੇਂਦੇ ਸਨ ਤੇ ਮੁਕਲਾਵੇ ਕੁੜੀ ਦੇ ਭਰ ਜੁਆਨ ਹੋਣ 'ਤੇ ਤੋਰੇ ਜਾਂਦੇ ਸਨ- ਆਰਥਿਕ ਮਜਬੂਰੀਆਂ ਕਾਰਨ ਆਪਣੀ ਧੀ ਦਾ ਮੁਕਲਾਵਾ ਤੋਰਨ ਵਿਚ ਮਾਪਿਆਂ ਵਲੋਂ ਬੇਲੋੜੀ ਦੇਰੀ ਹੋ ਜਾਂਦੀ ਸੀ ਜਿਸ ਕਾਰਨ ਉਸ ਦੇ ਚਾਅ ਅਧੂਰੇ ਰਹਿ ਜਾਂਦੇ ਸਨ।

ਵਿਆਹ ਦੇ ਗੀਤ/ 16