ਪੰਨਾ:ਵਿਆਹ ਦੇ ਗੀਤ – ਸੁਖਦੇਵ ਮਾਦਪੁਰੀ.pdf/19

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਇਕ ਗੀਤ ਵਿਚ ਧੀ ਆਪਣੀ ਮਾਂ ਨੂੰ ਮੁਕਲਾਵਾ ਤੋਰਨ ਲਈ ਆਖਦੀ ਹੈ:

ਦੇ ਦੇ ਮਾਏਂ ਅੱਜ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਂ ਜੀਵੇ
ਦੇ ਦੇ ਮਾਏਂ ਅੱਜ ਮੁਕਲਾਵਾ ਨੀ

ਜੇਂ ਤੇਰੇ ਘਰ ਹੈਨੀ ਮੌਲ਼ੀ
ਬਾਣ ਦੀਆਂ ਰੱਸੀਆਂ ਮੰਗਾ ਦੇ ਨੀ
ਦੇ ਦੇ ਮਾਏਂ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਂ ਜੀਵੇ

ਜੇ ਤੇਰੇ ਘਰ ਹੈਨੀ ਲੱਡੂਏ
ਮੈਨੂੰ ਕੱਲੀਓ ਸ਼ਕਰ ਮੰਗਾ ਦੇ ਨੀ
ਦੇ ਦੇ ਮਾਏਂ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਂ ਜੀਵੇ

ਜੇ ਤੇਰੇ ਘਰ ਹੈਨੀ ਮਹਿੰਦੀ
ਮੈਨੂੰ ਅੱਸਰ ਝੋਟੀ ਦਾ ਗੋਹਾ ਮੰਗਾਂ ਦੇ ਨੀ
ਦੇ ਦੇ ਮਾਏਂ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਂ ਜੀਵੇ

ਜੇ ਤੇਰੇ ਘਰ ਹੈਨੀ ਕੱਪੜੇ
ਮੈਨੂੰ ਬੋਰੀ ਦਾ ਪੱਲੜ ਸਮਾ ਦੇ ਨੀ
ਦੇ ਦੇ ਮਾਏਂ ਮੁਕਲਾਵਾ ਨੀ
ਤੇਰਾ ਭਾਈ ਜੀਵੇ ਤੇਰਾ ਸਾਈਂ ਜੀਵੇ

ਜਦੋਂ ਵਿਆਹ ਦਾ ਕਾਰਜ ਸਿਰ 'ਤੇ ਹੋਵੇ ਤਾਂ ਮੰਦਹਾਲੀ ਕਾਰਨ ਚਿੰਤਾ ਵਿਚ ਗਰੱਸੇ ਬਾਬੇ ਤੇ ਬਾਬਲ ਦੀ ਨੀਂਦ ਖੰਭ ਲਾ ਕੇ ਉੱਡ ਜਾਂਦੀ ਹੈ:

ਉੱਚੇ ਮਹਿਲੀਂ ਜਾ ਮੇਰੀ ਬੀਬੀ
ਜਿੱਥੇ ਬੈਠਾ ਤੇਰਾ ਬਾਬਾ
ਉਠ ਵੇ ਬਾਬਾ ਸੁੱਤਿਆ
ਘਰ ਕਾਰਜ ਤੇਰੇ
ਨਾ ਸੁੱਤਾ ਨਾ ਜਾਗਾਂ ਧੀਏ

ਵਿਆਹ ਦੇ ਗੀਤ/ 17