ਸਮੱਗਰੀ 'ਤੇ ਜਾਓ

ਪੰਨਾ:ਵਿਆਹ ਦੇ ਗੀਤ – ਸੁਖਦੇਵ ਮਾਦਪੁਰੀ.pdf/77

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ



ਕੁੜੀ ਤਾਂ ਸਾਡੀ ਤਿੱਲੇ ਦੀ ਤਾਰ ਏ
ਮੁੰਡਾ ਤਾਂ ਸੁਣੀਦਾ ਕੋਈ ਘੁਮਾਰ ਏ
ਜੋੜ ਤਾਂ ਜੁੜਦਾ ਨਹੀਂ
ਨਿਲੱਜਿਓ ਲਜ ਤੁਹਾਨੂੰ ਨਹੀਂ

ਪੈਸਾ ਪੈਸਾ ਸਾਡੇ ਪਿੰਡੋਂ ਜੀ ਪਾਓ
ਲਾੜੇ ਜੋਗਾ ਤੁਸੀਂ ਬਾਜਾ ਮੰਗਾਓ
ਜੰਨ ਤੇ ਸਜਦੀ ਨਹੀਂ
ਨਿਲੱਜਿਓ ਲੱਜ ਤੁਹਾਨੂੰ ਨਹੀਂ

ਆਏ ਬਰਾਤੀਆਂ 'ਤੇ ਵਿਅੰਗ ਕਸੇ ਜਾਂਦੇ ਹਨ। ਨਾ ਉਨ੍ਹਾਂ ਵਲੋਂ ਲਿਆਂਦੀ ਵਰੀ ਪਸੰਦ ਹੈ ਤੇ ਨਾ ਹੀ ਆਏ ਬਰਾਤੀ ਉਨ੍ਹਾਂ ਨੂੰ ਚੰਗੇ ਲੱਗਦੇ ਹਨ। ਉਹ ਬਰਾਤੀਆਂ ਦਾ ਮਖ਼ੌਲ ਉਡਾਉਂਦੀਆਂ ਹਨ:

ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਵਰੀ ਪੁਰਾਣੀ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਕੀ ਕੀ ਵਸਤ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਬੁਢੜੇ ਕਾਹਨੂੰ ਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਗੱਭਰੂ ਕਿਉਂ ਨਾ ਲਿਆਏ
ਮੈਂ ਲਾਜ ਮੋਈ ਮੈਂ ਲਾਜ ਮੋਈ
ਇਹ ਸਾਰੇ ਆਂਡਲ਼ ਆਏ

ਪਹਿਲੇ ਸਮਿਆਂ ਵਿਚ ਬਰਾਤਾਂ ਤਿੰਨ ਦਿਨ ਠਹਿਰਿਆ ਕਰਦੀਆਂ ਸਨ। ਇਕ ਦਿਨ ਆਉਣ ਦਾ ਤੇ ਇਕ ਦਿਨ ਵਿਦਾਇਗੀ ਦਾ। ਫੇਰ ਦੋ ਦਿਨ ਠਹਿਰਨ ਲੱਗੀਆਂ ਤੇ ਅੱਜ ਕਲ੍ਹ ਤਾਂ ਇਕ ਦਿਨ ਵਿਚ ਹੀ ਸਾਰੇ ਕਾਰਜ ਪੂਰੇ ਜਾਂਦੇ ਹਨ।

ਜੰਨ ਦਾ ਉਤਾਰਾ ਜਨ-ਘਰ ਜਾਂ ਧਰਮਸ਼ਾਲਾ ਵਿਚ ਕਰਵਾਇਆ ਜਾਂਦਾ ਸੀ। ਪਹਿਲੀ ਰਾਤ ਦੀ ਰੋਟੀ ਘਿਉ-ਬੂਰੇ ਜਾਂ ਚੌਲ ਸ਼ੱਕਰ ਨਾਲ਼ ਦਿੱਤੀ ਜਾਂਦੀ ਸੀ ਇਸ ਨੂੰ 'ਕੁਆਰੀ ਰੋਟੀ' ਜਾਂ 'ਮਿੱਠੀ ਰੋਟੀ' ਆਖਦੇ ਸਨ। ਗੈਸਾਂ ਅਤੇ ਲਾਲਟੈਣਾਂ ਦੇ ਚਾਨਣ

ਵਿਆਹ ਦੇ ਗੀਤ/ 75