ਸਮੱਗਰੀ 'ਤੇ ਜਾਓ

ਪੰਨਾ:ਵਿਆਹ ਦੇ ਗੀਤ – ਸੁਖਦੇਵ ਮਾਦਪੁਰੀ.pdf/78

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਵਿਚ ਬਰਾਤੀ ਕੋਰਿਆਂ ਉੱਤੇ ਬੈਠ ਕੇ ਰੋਟੀ ਛਕਦੇ। ਵਰਤਾਵੇ ਜਿਨ੍ਹਾਂ ਨੂੰ ਮਾਲਵੇ ਵਿਚ ਪਰੀਹੇ ਆਖਿਆ ਜਾਂਦਾ ਹੈ ਕੱਲੀ ਕੱਲੀ ਲਾਈਨ ਵਿਚ ਜਾ ਕੇ ਸ਼ੱਕਰ, ਬੂਰਾ ਤੇ ਘਿਓ ਆਦਿ ਵਰਤਾਉਂਦੇ। ਮਿੱਠੀ ਰੋਟੀ ਵੇਲੇ ਲਾੜਾ ਬਰਾਤ ਨਾਲ਼ ਨਹੀਂ ਸੀ ਜਾਂਦਾ, ਉਸ ਦੀ ਰੋਟੀ ਡੇਰੇ ਭੇਜੀ ਜਾਂਦੀ ਸੀ। ਬਰਾਤੀਆਂ ਨੇ ਰੋਟੀ ਖਾਣੀ ਸ਼ੁਰੂ ਕਰਨੀ ਓਧਰ ਬਨੇਰਿਆਂ 'ਤੇ ਬੈਠੀਆਂ ਸੁਆਣੀਆਂ ਨੇ ਸਿਠਣੀਆਂ ਦਾ ਨਿਸ਼ਾਨਾ ਕੁੜਮ ਨੂੰ ਬਣਾਉਣਾ:

ਕੁੜਮ ਚੱਲਿਆ ਗੰਗਾ ਦਾ ਨ੍ਹਾਉਣ
ਹਰ ਗੰਗਾ ਨਰੈਣ ਗੰਗਾ
ਪਹਿਲੇ ਗੋਤੇ ਗਿਆ ਪਤਾਲ਼
ਹਰ ਗੰਗਾ ਨਰੈਣ ਗੰਗਾ
ਮੱਛੀ ਨੇ ਫੜ ਲਿਆ ਮੁੱਛ ਦਾ ਵਾਲ਼
ਹਰ ਗੰਗਾ ਨਰੈਣ ਗੰਗਾ
ਛਡ ਦੇ ਮੇਰੀ ਮੁੱਛ ਦਾ ਵਾਲ਼
ਏਥੇ ਫੇਰ ਨਹੀਂ ਆਉਂਦਾ ਤੇਰੇ ਦਰਬਾਰ
ਹਰ ਗੰਗਾ ਨਰੈਣ ਗੰਗਾ
ਏਥੇ ਕਰਦੂੰ ਬੇਬੇ ਦਾ ਦਾਨ
ਹਰ ਗੰਗਾ ਨਰੈਣ ਗੰਗਾ

ਕੁੜਮ ਸਿਠਣੀਆਂ ਦਾ ਸ਼ਿਕਾਰ ਬਣਿਆਂ ਭਮੱਤਰ ਜਾਂਦਾ ਹੈ। ਕੋਈ ਉਸ ਦੇ ਸਰੀਰਕ ਨੁਕਸ ਲੱਭਦੀ ਹੈ, ਕੋਈ ਉਹਦੀ ਜ਼ੋਰੋ ਦੇ ਤਾਅਨੇ ਮਾਰਦੀ ਹੈ, ਬਰਾਤੀ ਮੁੱਛਾਂ ਵਿਚ ਮੁਸਕਰਾਉਂਦੇ ਹੋਏ ਅਨੂਠਾ ਆਨੰਦ ਮਾਣਦੇ ਹਨ। ਬਨੇਰੇ ਤੋਂ ਸਿੱਠਣੀਆਂ ਦੀਆਂ ਫੁਹਾਰਾਂ ਪੈ ਰਹੀਆਂ ਹਨ:

ਜੇ ਕੁੜਮਾਂ ਤੇਰੀਆਂ ਅੱਖਾਂ ਦੁਖਦੀਆਂ
ਮੋਗੇ ਲਾਜ ਕਰਾ ਲੈ ਵੇ
ਕੁੱਛ ਫੈਦਾ ਹੋ ਜੂ
ਇਕ ਗੁੜ ਦੀ ਡਲ਼ੀ
ਇਕ ਤੇਲ ਦੀ ਪਲ਼ੀ
ਵਿਚ ਮਿਰਚਾਂ ਦੀ ਲੱਪ ਪਵਾ ਲੈ ਵੇ
ਕੁੱਛ ਫੈਦਾ ਹੋ ਜੂ
ਮੋਗੇ ਲਾਜ ਕਰਾ ਲੈ ਵੇ

ਵਿਆਹ ਦੇ ਗੀਤ/ 76