ਸਮੱਗਰੀ 'ਤੇ ਜਾਓ

ਪੰਨਾ:ਵੰਗਾਂ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲੋਕੀਂ ਕਹਿੰਦੇ ਓਨੇ ਖੋਟੇ
ਜਿਨੇ ਛੋਟੇ ਛੋਟੇ
ਨੈਣ ਸਜਣ ਦੇ ਵਡੇ ਵਡੇ
ਫਿਰ ਕਿਉਂ ਦਿਸਦੇ ਖੋਟੇ
ਨੈਣ ਨ ਤੇਰੇ ਨੈਣ ਨ ਮੇਰੇ

ਸਦਾ ਇਹਨਾਂ ਤੋਂ ਡਰੀਏ
ਹੁਣ ਕੀ ਸਜਣਾ ਕਰੀਏ !

ਨੈਣਾਂ ਵਾਲਿਓ ਨੈਣ ਛੁਪਾ ਲਉ
ਬੂਹੇ ਢੋ ਲਉ ਪਰਦੇ ਪਾ ਲਉ
ਇਹ ਖ਼ੂਨੀ ਨ ਖ਼ੂਨੋਂ ਡਰਦੇ
ਇਹ ਬਾਜ਼ਾਂ ਨੂੰ ਡੋਰੇ ਪਾ ਲਉ
'ਨੂਰਪੁਰੀ' ਇਹ ਨੈਣ ਨ ਰੀਝਣ

ਦਿਲ ਭੀ ਕੱਢ ਕੱਢ ਧਰੀਏ
ਹੁਣ ਕੀ ਸਜਣਾ ਕਰੀਏ !

ਚਾਕ ਸਦਾਏ ਕੰਨ ਪੜਵਾਏ
ਦੁਨੀਆਂ ਵਿਚ ਬਦਨਾਮ ਕਹਾਏ
ਦਿਲ ਦੀ ਕੀਮਤ ਦੇ ਦੇ ਹਾਰੇ
ਫਿਰ ਭੀ ਨਾ ਉਸ ਨੈਣ ਮਿਲਾਏ
ਛੋਟੀ ਉਮਰ ਦੇ ਕਜ਼ੀਏ ਐਡੇ

ਕਿਵੇਂ ਇਹ ਦੁਖ ਜਰੀਏ
ਹੁਣ ਕੀ ਸਜਣਾ ਕਰੀਏ !

੩੬.