ਇਸ ਤਰ੍ਹਾਂ ਦਾ ਵੈਰਾਗ ਕਰਦਿਆਂ ਮਾਂ ਦੀਆਂ ਅੱਖਾਂ ਦੇ ਸੋਮੇ ਪਾਟ ਪਏ। ਬਹੁਤ ਰੋਈ, ਰੋਂਦੀ ਰੋਂਦੀ ਦਾ ਗਲਾ ਰੁਕ ਗਿਆ, ਅੱਖਾਂ ਅੱਗੇ ਛੱਪਰ ਢਹਿ ਪਏ, ਬੈਠੀ ਬੈਠੀ ਦੀ ਮਾਨੋਂ ਅੱਖ ਲੱਗ ਗਈ। ਅੱਖ ਲੱਗੀ ਵਿਚ ਮਾਂ ਕੀ ਦੇਖਦੀ ਹੈ ਕਿ ਇਕ ਪਹਾੜੀ ਜਿਹੀ ਦੇ ਲਾਗੇ ਇਕ ਪਾਣੀ ਦੀ ਕੂਲ ਵਗ ਰਹੀ ਹੈ, ਨਿੱਕੇ ਨਿੱਕੇ ਪੱਥਰਾਂ ਨਾਲ ਰਗੜ ਰਗੜ ਕੇ ਤੁਰਨ ਤੋਂ ਪਾਣੀ ਦੀ ਅਵਾਜ਼ ‘ਵਿਪਲ ਵਿਪਲ' ਵਾਂਗੂ ਆ ਰਹੀ ਹੈ। ਇਕ ਥਾਂ ਤੇ ਇਸ ਦੇ ਕਿਨਾਰੇ ਪਰ ਬ੍ਰਿੱਛਾਂ ਦਾ ਝੁੰਡ ਹੈ, ਜਿਸ ਪਰ ਕਾਲੇ ਅੰਗੂਰਾਂ ਦੀ ਵੇਲ ਚੜ੍ਹੀ ਹੋਈ ਹੈ; ਸਾਵੇ ਸਾਵੇ ਪੱਤਿਆਂ ਵਿਚੋਂ ਗੁੱਛਿਆਂ ਦੇ ਗੁੱਛੇ ਲੱਟਕ ਰਹੇ ਹਨ। ਹੇਠਾਂ ਏਸ ਦੇ ਪਿਆਰੀ ਸਤਵੰਤ ਕੌਰ ਬੈਠੀ ਹੈ, ਅੱਖਾਂ ਧਰਤੀ ਵਿਚ ਗੱਡੀਆਂ ਹਨ, ਹੱਥਾਂ ਨਾਲ ਕੱਖ ਤ੍ਰੋੜ ਰਹੀ ਹੈ, ਕਿਸੇ ਵੇਲੇ ਹਾਹੁਕਾ ਲੈਂਦੀ, ਕਿਸੇ ਵੇਲੇ ਅੱਥਰੂ ਕੇਰਦੀ ਹੈ, ਕਿਸੇ ਵੇਲੇ ਕੁਝ ਗਾਉਂਦੀ ਹੈ, ਕਦੇ ਫੇਰ ਚੁੱਪ ਹੋ ਜਾਂਦੀ ਹੈ। ਧ੍ਯਾਨ ਲਾਕੇ ਜੋ ਮਾਉਂ ਨੇ ਸੁਣਿਆਂ ਤਾਂ ਸਤਵੰਤ ਨੇ ਹੁਣ ਇਹ ਗਾਉਣ ਗਾਂਵਿਆਂ, ਇਸ ਦਰਦ ਵੈਰਾਗ ਨਾਲ ਕਿ ਪੱਥਰ ਬੀ ਪੰਘਰ ਪੈਣ
ਕਿਸੇ ਗੁਆਂਢਣ ਨੇ ਆਖਿਆ ਮਾਏ!
'ਤੇਰਾ ਪਿਉ ਭਰਾ ਗਿਆ ਆਇ!'
ਜੀ ਵਿਚ ਹੋਈਆਂ ਸ਼ਾਦੀਆਂ, ਮਾਏ!
ਮੇਰੇ ਮਨ ਵਿਚ ਹੋਇਆ ਏ ਚਾਇ!
ਮੇਰੀ ਰਾਣੀਏਂ ਰਾਜ ਬਹਾਲੀਏ,
ਮੇਰੀ ਸਦਾ ਸੁਖਾਲੀਏ,
ਪੁੱਤ੍ਰਾਂ ਵਾਲੀਏ ਮਾਏ! ੧,
ਪੱਕੀ ਖੂਹੀ ਘੜਾ-ਰੰਗਲਾ,
ਨੀ ਜਿੱਥੋਂ ਅੰਬੜਿ ਪਾਣੀ ਭਰੇ!
ਇਕ ਭਰ ਧਰੇ ਦੂਜਾ ਸਿਰ ਧਰੇ!
-੯੬-