ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/12

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਿੱਠਤ ਤੇ ਸ਼ੀਲ, ਸੁਭਾਵ ਨੇ ਦੁੱਖਾਂ ਨਾਲ ਭਰੀ ਸੁਆਣੀ ਦੇ ਜੀ ਵਿਚ ਬੀ ਤਰਸ ਵਧਾਇਆ।ਹੌਲੀ ਹੌਲੀ ਸੁਆਣੀ ਦੀ ਮਿਹਰ ਦੀ ਨਜ਼ਰ ਵਧਣ ਲਗੀ। ਉਸਦਾ ਕਾਰਣ ਇਹ ਸੀ ਕਿ ਸੁਆਣੀ ਪੇਕੇ ਪਾਸਿਓਂ ਉਣੀਂ ਸੀ ਅਰ ਦੁਨੀਆਂ ਪੁਰ ਸਿਵਾ ਘਰ ਵਾਲੇ ਦੇ ਕੋਈ ਉਸਦਾ ਨੇੜੇ ਦਾ ਸਾਕ ਨਹੀਂ ਸੀਗਾ। ਪਤੀ ਬੜਾ ਮੰਦ ਕਰਮੀ ਸੀ, ਮਾੜੇ ਕਰਮਾਂ ਵਿਚ ਬਹੁਤ ਪਰਚਦਾ ਸੀ, ਇਸ ਕਰਕੇ ਸੁਆਣੀ (ਫਾਤਮਾ) ਬੜੀ ਦੁਖੀ ਰਹਿੰਦੀ ਸੀ। ਸੁਭਾਉ ਫਾਤਮਾ ਦਾ ਕੁਛ ਅਣਖੀਲਾ ਸੀ। ਦੁੱਖਾਂ ਨੇ ਇਸ ਦੇ ਮਨ ਨੂੰ ਤੋੜਿਆ ਨਹੀਂ, ਸਗੋਂ ਇਕ ਤਰ੍ਹਾਂ ਦੀ ਛਿਥਿਹਾਣ ਚੜ੍ਹਾ ਛੱਡੀ ਸੀ। ਪਤੀ ਦਾ ਪਿਆਰ ਘੱਟ ਹੋਣ ਕਰਕੇ ਸਹੁਰੇ ਸਾਕਾਂ ਵਿਚ ਬੀ ਪੂਰਾ ਆਦਰ ਨਹੀਂ ਸੀ ਮਿਲਦਾ ਤੇ ਨੌਕਰ ਬਾਂਦੀਆਂ ਗੋਲੀਆਂ ਬੀ ਘੱਟ ਪਰਵਾਹ ਕਰਦੀਆਂ ਸਨ। ਇਕੋ ਅੱਖਾਂ ਦਾ ਤਾਰਾ ਬੱਚਾ ਸੀ, ਜਿਸ ਨਾਲ ਦਿਲ ਪਰਚਾਉਂਦੀ ਸੀ। ਇਹੋ ਲਾਲ ਵਿਚਾਰੀ ਦੀਆਂ ਖੁਸ਼ੀਆਂ ਦਾ ਇਕ ਸਹਾਰਾ ਸੰਸਾਰ ਪੁਰ ਸੀ। ਅੱਠਾਂ ਪਹਿਰਾਂ ਵਿਚ ਜੇ ਕਦੇ ਕੋਈ ਖੁਸ਼ੀ ਦੀ ਘੜੀ ਉਸਨੂੰ ਆਉਂਦੀ ਤਾਂ ਉਹ ਅਪਣੇ ਦੁਲਾਰੇ ਦੇ ਪਿਆਰ ਵਿਚ ਬਿਹਬਲ ਹੋ ਜਾਣਦੀ ਹੁੰਦੀ ਸੀ। ਸਤਵੰਤ ਕੌਰ ਦੇ ਸ਼ੀਲ ਸੁਭਾਵ ਅਤੇ ਕੁਦਰਤੀ ਪਿਆਰ ਵਾਲੇ ਵਰਤਾਉ ਕਰਕੇ ਬਾਲਕ ਦਾ (ਜਿਸ ਨੂੰ ਲਾਡ ਨਾਲ ਗ਼ਨੀ ਕਿਹਾ ਕਰਦੇ ਸਨ) ਉਸ ਨਾਲ ਬਹੁਤ ਮੋਹ ਪੈ ਗਿਆ ਅਰ ਇਸੇ ਮੋਹ ਨੇ ਫਾਤਮਾ ਨੂੰ ਸਤਵੰਤ ਵੱਲ ਹੋਰ ਝੁਕਾਇਆ। ਫਾਤਮਾ ਦੀਆਂ ਉਦਾਸੀਆਂ ਦੇ ਵੇਲੇ ਸਤਵੰਤ ਕੌਰ ਦਾ ਨਾ ਅੱਕਣਾ ਅਰ ਉਸ ਦੇ ਚਿੜਚਿੜੇ ਸੁਭਾਉ ਤੋਂ ਪਰੇ ਨਾ ਹੋਣਾ ਏਹ ਹੋਰ ਕਾਰਨ ਸਨ ਕਿ ਇਕ ਸਿੱਖ ਕੰਨ੍ਯਾਂ ਆਪਣੀ ਅਨਮਤੀ ਸੁਆਣੀ ਨੂੰ ਭਾਉਣ ਲੱਗ ਗਈ।

――○――

-੬-