ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/13

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੩. ਕਾਂਡ।

ਫਾਤਮਾ ਨੇ ਮੁੱਦਤ ਤੀਕ ਪਤੀ ਦੀਆਂ ਅਨੀਤੀਆਂ ਦਾ ਦੁੱਖ ਸਹਾਰਿਆ, ਪਰ ਇਕ ਦਿਨ ਇਸਨੇ ਕਾਬਲ ਦੀ ਪਟਰਾਣੀ ਨੂੰ ਮਿਲਕੇ ਅਮੀਰ ਕਾਬਲ ਦੇ ਕੰਨਾਂ ਤੀਕ ਪਤੀ ਦੇ ਬੁਰੇ ਕੰਮਾਂ ਦੀ ਖਬਰ ਪੁਚਾਈ। ਅਮੀਰ ਨੇ ਉਸਨੂੰ ਬੁਲਾਕੇ ਕਰੜੀ ਝਾੜ ਪਾਈ। ਝਾੜ ਖਾਕੇ ਸਿੱਧੇ ਹੋਣ ਦੀ ਥਾਂ ਖਾਂ ਸਾਹਬ ਨੂੰ ਇਸ ਗੱਲ ਦੀ ਖੋਜ ਦੀ ਧੁਨ ਸਮਾਈ ਕਿ ਅਮੀਰ ਸਾਹਿਬ ਦੇ ਕੰਨਾਂ ਤੀਕ ਖ਼ਬਰ ਪੁਚਾਉਣ ਵਾਲੇ ਦਾ ਥਹੁ ਕੱਢਾਂ, ਸੋ ਅੰਤ ਉਸਨੂੰ ਪਤਾ ਮਿਲ ਗਿਆ ਕਿ ਇਹ ਮੇਰੀ ਵਹੁਟੀ ਦਾ ਹੀ ਕਾਰਾ ਹੈ।

ਇਹ ਖਬਰ ਪਾ ਕੇ ਇਕ ਦਿਨ ਰਾਤ ਵੇਲੇ ਨਸ਼ੇ ਵਿਚ ਚੂਰ ਹੋਏ ਹੋਏ ਨੇ ਵਹੁਟੀ ਦੇ ਅੰਦਰ ਵੜਕੇ ਤਲਵਾਰ ਧੂ ਲਈ। ਭਾਗਾਂ ਨੂੰ ਫਾਤਮਾ ਜਾਗਦੀ ਬੈਠੀ ਸੀ। ਪਤੀ ਦੇ ਹੱਥ ਤਲਵਾਰ ਦੇਖਦਿਆਂ ਸਾਰ ਉਸ ਦੀਆਂ ਡਾਡਾਂ ਨਿਕਲ ਗਈਆਂ। ਉਧਰੋਂ ਸਤਵੰਤ ਕੌਰ ਜਾਗ ਉੱਠੀ, ਉਸ ਜਰਵਾਣੇ ਨੂੰ ਤੀਵੀਂ ਪੁਰ ਤਲਵਾਰ ਚੁਕੇ ਹੋਏ ਦੇਖਕੇ ਸਿਖ ਕੰਨ੍ਯਾਂ ਨੂੰ ਧਰਮ ਦਾ ਰੋਹ ਉੱਮਲ ਪਿਆ, ਝੱਟ ਪੱਟ ਪਿਛੇ ਵਾਰ ਹੋਕੇ ਖਾਨ ਦੀ ਲੱਤ ਐਸੇ ਜ਼ੋਰ ਨਾਲ ਝਟਕੀ ਕਿ ਉਹ ਚੁਫਾਲ ਜਾ ਪਿਆ ਅਰ ਤਲਵਾਰ ਹਥੋਂ ਨਿਕਲ ਗਈ। ਕੰਨ੍ਯਾਂ ਨੇ ਡਿੱਗੇ ਪਏ ਨੂੰ ਹੁਣ ਐਸਾ ਦਬਾਯਾ ਕਿ ਉਠਣੇ ਜੋਗਾ ਨਾ ਰਹੇ। ਇਸ ਹਿੰਮਤ ਨੂੰ ਦੇਖਕੇ ਪਠਾਣੀ ਨੂੰ ਬੀ ਹੌਂਸਲਾ ਭਰ ਆਇਆ ਤੇ ਉਸ ਬੀ ਆ ਦਬਾਇਆ। ਦੁਹਾਂ ਨੇ ਰਲਕੇ ਉਸਦੀਆਂ ਮੁਸ਼ਕਾਂ ਕੱਸ ਲਈਆਂ। ਕੁਝ ਚਿਰ ਮਗਰੋਂ ਨਸ਼ੇ ਵਿਚ ਗੁੱਟ ਨਸ਼ਈ ਬੇਹੋਸ਼ ਹੋ ਗਿਆ ਅਰ ਘੁਰਾੜੇ ਮਾਰਦੇ ਦੀ ਰਾਤ ਬਿਤੀਤ ਹੋਣ ਲੱਗੀ। ਪਰ ਦਿਨ ਹੋਣ ਤੋਂ ਪਹਿਲੇ ਤ੍ਰੀਮਤਾਂ ਨੇ ਉਸਦੀਆਂ ਮੁਸ਼ਕਾਂ ਖੁਹਲ ਦਿੱਤੀਆਂ, ਜੋ ਸਵੇਰੇ ਮੁਸ਼ਕਾਂ ਤੱਕ ਕੇ ਰਾਤ ਦੀ ਗੱਲ ਉਸਨੂੰ ਚੇਤੇ ਨਾ ਆਵੇ।

-੭-