ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/14

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੱਚਮੁਚ ਨਸ਼ੇ ਦੀ ਟੋਟ ਵਿਚ ਜਾਗੇ ਹੋਏ ਨੂੰ ਰਾਤ ਦੀ ਬੀਤੀ ਚੇਤ ਨਾ ਆਈ, ਆਪਣੀ ਟੋਟ ਦੀ ਧੁਨ ਵਿਚ ਹੋਰ ਪੀਤੀ ਅਰ ਬਾਗ਼ ਨੂੰ ਚਲਿਆ ਗਿਆ। ਸਾਰਾ ਦਿਨ ਬਹਾਰਾਂ ਵਿਚ ਬੀਤਿਆ, ਰਾਤ ਨੂੰ ਫੇਰ ਘਰ ਆਇਆ, ਵਹੁਟੀ ਨੂੰ ਦੇਖਕੇ ਚੇਤਾ ਆਇਆ ਕਿ ਇਸੇ ਨੇ ਅਮੀਰ ਸਾਹਿਬ ਨੂੰ ਖਬਰ ਪੁਚਾਈ ਸੀ, ਫੇਰ ਵਾਰ ਕੀਤੋਸੁ ਪਰ ਬਹਾਦਰ ਸਿੰਘਣੀ ਤੇ ਫਾਤਮਾ ਅੱਜ ਅੱਗੇ ਹੀ ਤਿਆਰ ਸਨ। ਹਿੰਮਤ ਤੇ ਹੌਸਲੇ ਨੇ ਮਦਦ ਦਿੱਤੀ। ਸਿੰਘ ਕੰਨ੍ਯਾਂ ਦੀ ਮਦਦ ਨੇ ਪਠਾਣੀ ਨੂੰ ਫੇਰ ਬਚਾ ਲਿਆ।

ਤੀਸਰੇ ਦਿਨ ਆਪ ਘਰ ਹੀ ਨਾ ਵੜੇ ਤੇ ਕਈ ਦਿਨ ਨਾ ਵੜੇ। ਗੱਲ ਕੀ ਵੈਲਦਾਰੀਆਂ ਵਿਚ ਰੁਪੱਯਾ ਅਪਣਾ ਤੇ ਸਰਕਾਰੀ ਸਾਰਾ ਬਰਬਾਦ ਹੁੰਦਾ ਗਿਆ। ਮਾਲਕ ਦੇ ਕਹਿਣੇ ਦਾ ਬੀ ਅਸਰ ਨਾ ਹੋਇਆ। ਸ਼ਰਾਬ ਕੋਈ ਐਸਾ ਵਿਕਾਰ ਨਹੀਂ ਕਿ ਲੱਗੇ ਤੇ ਫੇਰ ਛੇਤੀ ਛੁੱਟ ਜਾਏ, ਇਹ ਐਸੀ ਖਿੱਚ ਵਾਲੀ ਚੀਜ਼ ਹੈ ਕਿ ਇਕ ਫੇਰ ਮੂੰਹ ਨੂੰ ਲੱਗੀ ਹੋਈ ਮਗਰੋਂ ਨਹੀਂ ਲਹਿੰਦੀ। ਜੋ ਲੋਕ ਇਸ ਦੇ ਮੰਦਰ ਪੁਰ ਗਏ, ਜਾਨ, ਮਾਲ, ਇੱਜ਼ਤ, ਧਰਮ, ਲੋਕ, ਪ੍ਰਲੋਕ ਸਭ ਕੁਝ ਮਣਸ ਕੇ ਬੀ ਨਹੀਂ ਮੁੜੇ।

ਇਸੇ ਤਰ੍ਹਾਂ ਖਾਨ ਦਾ ਹਾਲ ਹੋਇਆ। ਜਦ ਤੱਕ ਰੁਪੱਯਾ ਖੁੱਲ੍ਹਾ ਰਿਹਾ ਨਿਭਦੀ ਗਈ, ਤਦ ਤਕ ਵਿਰੋਧੀ ਬੀ ਨਾ ਕੁਝ ਬੋਲ ਸਕੇ, ਪਰ ਜਦ ਹੁਣ ਆਪਣਾ ਰੁਪੱਯਾ ਮੁੱਕਕੇ ਸਰਕਾਰੀ ਰੁਪਏ ਨੂੰ ਹੱਥ ਪੈਣ ਲੱਗਾ, ਤਦ ਕੀ ਬਣੇ? ਹੌਲੀ ਹੌਲੀ ਸੱਜਣ ਵੈਰੀ ਬਣਨ ਲੱਗੇ, ਅਰ ਵੈਰੀ ਬਦਲੇ ਲੈਣ ਦਾ ਸਮਾਂ ਸਮਝਕੇ ਵਾਰ ਕਰਨ ਲੱਗੇ। ਇਥੋਂ ਤੀਕ ਕਿ ਸਰਕਾਰੀ ਗ਼ਬਨ ਦਾ ਹਾਲ ਸਰਕਾਰੇ ਮਲੂਮ ਹੋ ਗਿਆ। ਖ਼ਾਨ ਸਾਹਿਬ ਫੜੇ ਗਏ ਅਰ ਹਵਾਲਾਤ ਪਹੁੰਚੇ। ਘਰ ਬਾਰ ਜ਼ਬਤ ਹੋ ਗਏ ਤੇ ਫਾਤਮਾ ਨੂੰ (ਅਮੀਰ ਸਾਹਿਬ ਦੀ ਕੋਈ ਦੂਰ ਨੇੜੇ ਦੀ ਸਾਕ ਹੋਣ ਕਰਕੇ) ਘਰ, ਮਿਲਿਆ ਰਿਹਾ ਤੇ ਗੁਜ਼ਾਰੇ ਵਾਸਤੇ ਕੁਝ ਰੁਪੱਯਾ ਮਿਲਦਾ ਰਿਹਾ,

-੮-