ਉਸ ਵਿਚ ਤਾਂ ਜਾਨ ਹੀ ਨਾ ਹੋਈ। ਭਲਾ ਜਿਸ ਵਾਹਿਗੁਰੂ ਵਿਚ ਚਿੱਤ ਨੂੰ ਲਾਉਣਾ ਹੈ, ਜੇ ਉਸ ਨਾਲ ਪ੍ਰੇਮ ਨਹੀਂ ਪਾਉਣਾ ਤਾਂ ਉਸਦੇ ਮਿਲਨ ਦੇ ਸਾਧਨਾਂ ਵਿਚ ਰਸ ਤੇ ਉਤਸ਼ਾਹ ਕਿੱਥੇ ਹੈ?
ਹਿੰਮਤ ਸਿੰਘ-ਸਿੱਧੀ ਗਲ ਹੈ, ਜਦ ‘ਚੇਤੰਨ ਆਤਮਾ' (ਸਾਡੀ ਰੂਹ) ਨੇ 'ਚੇਤੰਨ ਵਾਹਿਗੁਰੂ' ਨੂੰ ਮਿਲਨਾ ਹੈ ਤਾਂ ਉਸਦਾ ਮਿਲਾਪ ਕਿਸੇ 'ਚੇਤੰਨ ਸਾਧਨ' ਬਿਨਾਂ ਕੀਕੂੰ ਹੋ ਸਕਦਾ ਹੈ? ‘ਚੇਤੰਨ ਸਾਧਨ' ਹੈ ‘ਪਰੇਮ' ਸੋ ਪਰੇਮ ਤੋਂ ਬਿਨਾਂ ਮਿਲਾਪ ਹੀ ਕੀਹ ਹੈ?
ਬਸੰਤ ਕੌਰ-ਠੀਕ ਹੈ ਜੀ। ਹਾਂ ਮੈਨੂੰ ਸਮਝ ਤਾਂ ਨਹੀਂ ਹੈ, ਪਰ ਮੋਟੀ ਜੇਹੀ ਗੱਲ ਆਪ ਦੇ ਕਥਨ ਤੋਂ ਸਮਝੇ ਪੈਂਦੀ ਹੈ ਕਿ ਜੇ ਇਕ ਤੀਮੀਂ ਤੇ ਇਕ ਪੁਰਖ ਕੋਲੋ ਕੋਲੋ ਬਹਾ ਦਿਤੇ ਜਾਣ ਤਦ ਉਸਦਾ ਨਾਉਂ ਮਿਲਾਪ ਤਾਂ ਨਹੀਂ ਹੈ। ਜੇ ਦੁਹਾਂ ਦੇ ਅੰਦਰੋਂ ਦਿਲ ਪਿਆਰ ਨਾਲ ਖਿਚੇ ਹੋਏ ਹੋਣ ਤਦ ਪਰੇਮ ਹੈ, ਤਦ ਮਿਲਾਪ ਹੈ। ਇਸ ਤਰ੍ਹਾਂ ਬਿਨਾਂ ਪਰੇਮ ਦੀ ਲਗਨ ਦੇ ਵਾਹਿਗੁਰੂ ਦਾ ਮਿਲਾਪ ਤੇ ਉਸਦਾ ਸਾਧਨ ਇਕ ਖੁਸ਼ਕ ਕੰਮ ਹੈ ਅਰ ਮੇਰੇ ਜਾਣੇ ਜੇ ਬੇਅਦਬੀ ਨਾ ਹੋਵੇ ਤਾਂ ‘ਮੁਰਦਾ ਸਾਧਨ' ਹੈ, ਜਿਸ ਵਿਚ ਜਿੰਦ ਜਾਨ ਜਾਂ ਰੂਹ ਨਹੀਂ ਹੈ, ਉਹ ਸਾਡੇ ਗਯਾਨ ਦਾ ਵਿਸ਼ਾ ਤਾਂ ਨਹੀਂ ਨਾ ਬਣ ਸਕਦਾ, ਅਰਥਾਤ ਉਹ ਸਾਡੀਆਂ ਅੱਖਾਂ ਅੱਗੇ ਜਾਂ ਮਨ ਅੱਗੇ ਮੂਰਤ ਧਾਰ ਕੇ ਤਾਂ ਖਲਾ ਨਹੀਂ ਹੈ ਨਾ।
ਹਿੰਮਤ ਸਿੰਘ-ਠੀਕ ਹੈ। ਇਸ ‘ਨਾਮ' ਤੋਂ ਬਿਨਾ ਨਿਰੇ ਗੱਲਾਂ ਸਿੱਖੇ ਹੋਏ ਲੋਕ ਬਹੁਤ ਟਪਲੇ ਖਾਂਦੇ ਤੇ ਦੇਂਦੇ ਹਨ। ਓਹ ਖ੍ਯਾਲ ਕਰਦੇ ਹਨ ਕਿ ਬਸ ਐਉਂ ਜਾਣ ਲਿਆ ਕਿ ਮੈਂ ਤੇ ਪਰਮੇਸ਼ੁਰ ਜਾਗਤੀ ਜੋਤ ਹਾਂ, ਕਲ੍ਯਾਨ ਹੈ। ਪਰ ਗ੍ਯਾਨ ਤਾਂ ਹੈ ਜਾਣ ਲੈਣਾ ਤੇ ਪਰੇਮ ਹੈ ਪਾ ਲੈਣਾ। ਗ੍ਯਾਨ ਨਾਲ ਪਾਇਆ ਤਾਂ ਨਹੀਂ ਜਾਂਦਾ ਕਿਉਂਕਿ ਸੋਚਣਾ, ਜਾਣਨਾ ਤਾਂ ਮਨ ਦੇ ਧਰਮ ਹੈਨ। ਮਨ ਦਾ ਜਾਣਨਾ ਤਾਂ ਹਦਬੰਦੀ ਵਾਲਾ ਗ੍ਯਾਨ ਹੈ।
-੧੧੯-