ਕਦਮਾਂ ਤੇ ਪਹਿਰਾ ਖੜਾ ਸੀ, ਦਬਕ ਕੇ ਬੈਠ ਗਈ। ਮਲਕੜੇ ਜੇਹੇ ਫ਼ੇਰ ਮੁੜੀ, ਇਕ ਹੋਰ ਪਾਸੇਵਲੋਂ ਤਿਲਕਣ ਦੀ ਕੀਤੀ, ਪਰ ਇਕ ਉਹਦੇਦਾਰ ਫੇਰਾ ਲਾਉਂਦਾ ਆ ਰਿਹਾ ਸੀ। ਫੇਰ ਮਲਕੜੇ ਪੈਰੀਂ ਆਪਣੇ ਬਿਸਤਰੇ ਤੇ ਆਟਿਕੀ। ਇਹ ਉਹਦੇਦਾਰ ਜੀ ਫਿਰਦੇਫਿਰਦੇ ਨੇੜੇ ਕੁ ਆਕੇ ਖੜੇ ਹੋ ਗਏ। ਚਾਰਿ ਚੁਫੇਰੇ ਨਜ਼ਰ ਮਾਰੀ, ਸਾਰੇ ਸੁੱਤੇ ਪਏ ਭਾਸੇ। ਫੇਰ ਇਸ ਨੇ ਆਪਣੇ ਆਪ ਨੂੰ ਹੌਲੇ ਜਿਹੇ ਆਖਿਆ "ਸਭ ਸੁਤੇ ਪਏ ਹਨ, ਸਾਰੇ ਪਠਾਣ ਤੇ ਕਾਬਲੀ ਹਨ। ਭਲਾ ਕਿਸ ਤੋਂ ਪਤਾ ਲਗੇ ਕਿ ਬੁਤਾਲਾ ਕੀ ਹੈ ਤੇ ਕਿੱਥੇ ਹੈ, ਪਤਾ ਨਹੀਂ ਸੱਚ ਹੈ ਕਿ ਝੂਠ? ਉਫ! ਕੀ!.....? ਕੁਛ.....,ਪਤਾ ਨਹੀ ਕੀ ਕਰਾਂ? ਅੱਛਾ ਖ਼ੈਰ! ਅਜੇ ਤਕ ਕੋਈ ਡੌਲ ਨਹੀਂ.....,ਕੱਲ ਟੁਰਪਏ ਅੱਗੇ, ਤਾਂ ਫੇਰ ਕੀ ਬਣਨਾ ਹੈ?"
ਇਸ ਪਠਾਣ ਹੁੱਦੇਦਾਰ ਨੂੰ ਮਨ ਨਾਲ ਗਲਾਂ ਕਰਦਿਆਂ ਕੁਛ ਬਰੀਕ ਜਿਹੀ ਅਵਾਜ਼ ਕੰਨੀ ਪਈ। ਖਿਆਲ ਕੀਤਾ ਤਾਂ ਇਕ ਸੂਰਤ ਅਡੋਲ ਬੈਠੀ ਸਹਿਜੇ ਕੁਛ ਪੜ੍ਹ ਰਹੀ ਹੈ। ਚੰਗੀ ਤਰ੍ਹਾਂ ਕੰਨ ਲਾਏ ਤਦ ਕੋਈ ਗ਼ੈਰ ਜ਼ਬਾਨ ਦੀ ਬਾਣੀ ਸੀ। ਜਦ ਬਹੁਤ ਧਿਆਨ ਕੀਤਾ ਤਾਂ ਸਮਝਿਆ ਕਿ ਕੋਈ ਸਿੱਖ ਹੈ ਅਰ ਬਾਬੇ ਨਾਨਕ ਦੀ ਬਾਣੀ ਪੜ੍ਹਦਾ ਹੈ। ਪਲ ਕੁ ਮਗਰੋਂ ਇਸ ਨੂੰ ਸਾਫ ਸਮਝ ਪੈਣ ਲਗ ਪਈ ਕਿ ਠੀਕ ਇਹ ਉਹੋ ਸ਼ੈ ਹੈ ਜਿਸਦਾ ਮੈਨੂੰ ਪਤਾ ਲੱਗਾ ਸੀ। ਕੁਛ ਹੈਰਾਨੀ, ਕੁਛ ਆਪਣੀ ਚਾਹ, ਕੁਛ ਥਹੁ ਕੱਢਣ ਦਾ ਸ਼ੌਕ, ਕਾਹਲਾ ਹੋ ਗਿਆ। ਵੇਲਾ ਏਕਾਂਤ ਦਾ ਸੀ, ਉਹ ਆਪ ਪਹਿਰੇਦਾਰਾਂ ਦੇ ਪਹਿਰੇ ਦੀ ਰਾਤ ਵੇਲੇ ਫਿਰਵੀਂ ਪੜਤਾਲ ਕਰ ਰਿਹਾ ਸੀ। ਅੱਗੇ ਵਧ ਕੇ ਜੁਆਨ ਨੂੰ ਆ ਹਿਲਾਇਓਸੁ ਤੇ ਕਹਿਣ ਲਗਾ-ਤੂੰ ਕੌਣ ਹੈਂ ਭਾਈ?'
ਜਸਵੰਤ-ਮੁਸਾਫਰ ਹਾਂ।
ਹੁੱਦੇਦਾਰ-ਕਿਥੇ ਜਾਂਦਾ ਹੈਂ?
ਜਸਵੰਤ-ਹਿੰਦੁਸਤਾਨ ਵਲ।
-੧੪੮-