ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੈਦ ਨੇ ਦੂਜੇ ਦਿਨ ਹੀ ਖਾਂ ਸਾਹਿਬ ਨੂੰ ਕੱਲਿਆਂ ਦੇਖ ਕੇ ਜਾ ਸੀਖਿਆ:—ਮਹਾਰਾਜ ਆਪ ਦੇ ਘਰ ਵਿਚ ਗ਼ੈਰ ਆਦਮੀ ਰਹਿੰਦਾ ਹੈ ਅਰ ਆਪਦੀ ਇਸਤ੍ਰੀ ਉਸ ਨਾਲ ਵਿਗੜੀ ਹੋਈ ਹੈ ਤੇ ਆਪਨੂੰ ਕੁਝ ਪਤਾ ਨਹੀਂ ਲਗਦਾ। ਸੁਣਦੇ ਸਾਰ ਖਾਂ ਦਾ ਹੱਥ ਤਲਵਾਰ ਪੁਰ ਗਿਆ। ਕੜਕ ਕੇ ਬੋਲੇ, 'ਬੁਲਾਓ!' ਸੈਦ ਫਾਤਮਾ ਨੂੰ ਲੱਭਣ ਗਈ, ਪਰ ਉਹ ਲੱਭੀ ਨਾ। ਇਹ ਸਮਝ ਗਈ ਕਿ ਹੁਣ ਅੰਦਰ ਹੋਣੀ ਹੈ ਚੰਗਾ ਹੋਯਾ ਸਿਰੋਂ ਫੜਾਵਾਂਗੀ ਤਾਂ ਦੋਹਾਂ ਦਾ ਕੰਮ ਪਾਰ ਹੋ ਜਾਏਗਾ। ਦੌੜੀ ਗਈ ਅਰ ਬੋਲੀ:— 'ਆਓ ਖਾਂ ਸਾਹਿਬ ਜੀ ਸਿਰੋਂ ਫੜਾਵਾਂ।' ਖਾਂ ਸਾਹਿਬ ਲੋਹੇ ਲਾਖੇ ਹੋ ਤਲਵਾਰ ਫੜੀ ਆਏ। ਸੈਦ ਨੇ ਗੁਪਤ ਬੂਹੇ ਖੋਲ੍ਹੇ, ਖੁਸ਼ੀ ਨਾਲ ਉਛਲਦੇ ਦਿਲ ਅੰਦਰ ਵੜੀ, ਪਰ ਤੱਤੀ ਦੇ ਲੇਖ ਸੜ ਗਏ, ਉਥੇ ਤਾਂ ਬੰਦੇ ਦਾ ਮੁਸਕ ਬੀ ਨਹੀਂ ਸੀ। ਅੱਗੇ ਪਿਛੇ ਢੂੰਡਿਆ, ਪਰ ਕੁਛ ਨਾ ਲੱਭਾ। ਖਾਂ ਸਾਹਿਬ ਚੱਕ੍ਰਾਏ, ਘਬਰਾਏ, ਸ਼ਰਮਾਏ ਤੇ ਪਿੱਛੇ ਮੁੜੇ। ਫੇਰ ਸੈਦ ਦੀ ਗੁਤੜੀ ਭੁਆਈ ਅਰ ਦੋ ਚਾਰ ਹੂਰੇ ਲਾਏ। ਛਿੱਥੇ ਹੋਏ ਹੋਏ ਬਾਹਰ ਨਿਕਲੇ, ਤਦ ਖਾਂ ਸਾਹਿਬ ਲਗੇ ਢੂੰਡਣ। ਸੌਣ ਵਾਲੇ ਕਮਰੇ ਗਏ ਤਦ ਫਾਤਮਾ ਇਬਾਦਤ ਵਿਚ ਬੈਠੀ ਪਾਈ। ਬੇਵਸ ਹੋ ਖਾਂ ਸਾਹਬ ਨੇ ਉਸ ਨੂੰ ਗਲ ਨਾਲ ਲਾ ਲਿਆ ਪਰ ਸਾਰਾ ਕੱਚਾ ਚਿੱਠਾ ਕਹਿ ਸੁਣਾਇਆ। ਫਾਤਮਾ ਸੁਣਕੇ ਬੋਲੀ:— "ਖਾਂ ਸਾਹਿਬ ਮੈਂ ਕਹਿੰਦੀ ਸਾਂ ਕਿ ਨਹੀਂ ਕਿ ਇਹ ਸੈਦ ਸ਼ੈਤਾਨ ਦੀ ਧੀ ਹੈ? ਸਾਡਾ ਘਰ ਖ਼ਰਾਬ ਕਰੇਗੀ, ਇਸ ਨੂੰ ਰੱਖਣਾ ਠੀਕ ਨਹੀਂ, ਹੁਣ ਬੀ ਜੇ ਆਪ ਕੱਢ ਦਿਓ ਤਾਂ ਠੀਕ ਹੈ"। ਖਾਂ ਸਾਹਿਬ ਸਹਾਰ ਨ ਸਕੇ। ਦੌੜੇ ਗਏ, ਗੁੱਤੋਂ ਫੜਕੇ ਸੈਦ ਨੂੰ ਬਾਹਰ ਕੀਤਾ। ਸਾਰੇ ਘਰ ਵਿਚ ਇਹ ਹਾਲ ਮਲੂਮ ਹੋ ਗਿਆ, ਸਾਰੇ ਨੌਕਰ ਖੁਸ਼ ਹੋਏ ਕਿ ਬਲਾ ਗਈ, ਕਿਉਂਕਿ ਹੁਣ ਉਹ ਹਰ ਇਕ ਨਾਲ ਨਹੁਂ ਲੈਂਦੀ ਹੁੰਦੀ ਸੀ।

——————

-42-