ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/57

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਦਿਨ ਬ੍ਰਿੱਧ ਨੂੰ ਢਿਡ ਵਿਚ ਐਸਾ ਸੂਲ ਉੱਠਿਆ ਕਿ ਠੱਲਿਆ ਨਾ ਜਾਵੇ, ਵਿਆਕੁਲ ਹੋ ਗਿਆ। ਇਲਾਜ ਮਾਲਜੇ ਕੀਤੇ। ਪੀੜ ਹਟੀ, ਪਰ ਇਹ ਸੰਕਲਪ ਪੱਕਾ ਹੋ ਗਿਆ ਕਿ ਇਕ ਵੇਰ ਜ਼ਰੂਰ ਅੰਮ੍ਰਿਤਸਰ ਜੀ ਚੱਲਣਾ ਹੈ। ਕਿਉਂਕਿ ਇਸ ਪੀੜ ਨੇ ਮੌਤ ਦੀ ਦਿਖਾਲੀ ਦਿਖਾ ਦਿੱਤੀ ਹੈ ਤੇ ਦੱਸ ਦਿੱਤਾ ਹੈ ਕਿ ਸਰੀਰਾਂ ਦਾ ਕੋਈ ਭਰੋਸਾ ਨਹੀਂ ਹੈ, ਜੋ ਸ਼ੁਭ ਕੰਮ ਕਰਨਾ ਹੈ ਛੇਤੀ ਕਰ ਲੈਣਾ ਚਾਹੀਏ। ਟੱਬਰ ਨੇ ਬੀ ਇਹ ਗੱਲ ਮੰਨ ਲਈ, ਪਰ ਤਾਂ ਜੇ ਬਾਪੂ ਹੁਰੀਂ ਜਾਕੇ ਉਥੇ ਰਹਿ ਨਾ ਪੈਣ, ਮੁੜ ਆਉਣ।

ਬ੍ਰਿਧ ਨੇ ਜਸਵੰਤ ਸਿੰਘ ਨੂੰ ਇਹ ਗਲ ਦਸ ਦਿੱਤੀ ਕਿ ਮੈਂ ਉਥੇ ਜਾਕੇ ਨਾ ਮੁੜਾਂਗਾ। ਇਹ ਗੱਲ ਸੁਣਕੇ ਜਸਵੰਤ ਸਿੰਘ ਨੇ ਕਿਹਾ ਕਿ ਮੈਨੂੰ ਇਹ ਗੱਲ ਨਹੀਂ ਭਾਉਂਦੀ ਕਿ ਲਾਰਾ ਲਾਓ। ਭਾਵੇਂ ਆਪਦਾ ਸੰਕਲਪ ਸ਼ੁਭ ਹੈ ਤੇ ਇਸ ਕੂੜ ਵਿਚ ਸ੍ਵਾਰਥ ਦੀ ਕੋਈ ਲੇਸ਼ ਜਿੰਨੀ ਬੀ ਨਹੀਂ, ਪਰ ਤਦ ਵੀ ਸੱਚ ਸੱਚ ਹੈ ਤੇ 'ਨਾ ਸੱਚ' ਕੂੜ ਹੀ ਹੈ, ਇਸ ਲਈ ਟੱਬਰ ਨਾਲ ਸੁੱਚਾ ਬਚਨ ਕਰੋ।

ਬ੍ਰਿਧ—ਇਨ੍ਹਾਂ ਤਾਂ ਐਵੇਂ ਜਾਣੇ ਨਹੀਂ ਦੇਣਾ।

ਜਸਵੰਤ ਸਿੰਘ—ਫੇਰ ਤੁਸਾਂ ਮੁੜ ਆਉਣਾ, ਦੋ ਚਾਰ ਮਹੀਨੇ ਉਥੇ ਲਾ ਆਉਣੇ।

ਬ੍ਰਿਧ—ਕੀ ਤੁਸੀਂ ਨਾਲ ਮੁੜ ਆਓਗੇ।

ਜਸਵੰਤ ਸਿੰਘ—ਮੈਂ ਮੁੜ ਆਉਣ ਦਾ ਭਰੋਸਾ ਨਹੀਂ ਦੇਂਦਾ। ਪਰ ਜੇ ਤੁਹਾਨੂੰ ਉਥੇ ਪਹੁੰਚਕੇ ਮੇਰੇ ਉਥੇ ਹੀ ਰਹਿਣ ਨਾਲੋਂ ਤੁਹਾਡੇ ਨਾਲ ਮੁੜ ਆਉਣਾ ਚੰਗਾ ਭਾਸੇ, ਤਦ ਮੈਂ ਬੀ ਆ ਜਾਵਾਂਗਾ। ਪਰ ਜੇ ਤੁਸਾਂ ਹੀ ਉਥੇ ਜਾਕੇ ਕਿਹਾ ਭਾਈ ਸੱਜਣਾ ਤੂੰ ਪੰਜਾਬ ਵਿਚ ਹੀ ਰਹੁ, ਤਦ ਤਾਂ ਸਾਡੇ ਨਾਲ ਨਾ ਮੁੜਨ ਵਿਚ ਮੇਰਾ ਕੋਈ ਦੋਸ਼ ਨਾ ਹੋਊ।

—————

-51-