ਸਮੱਗਰੀ 'ਤੇ ਜਾਓ

ਪੰਨਾ:ਸਤਵੰਤ ਕੌਰ.pdf/75

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਔਰ ਸੜਨੇ ਯੋਗ ਪਦਾਰਥ ਕਈ ਬਾਕੀ ਨਹੀਂ ਸੀ, ਸੋ ਉਹ ਵੱਡੀ ਅੱਗ ਅੱਧ ਅੱਧ ਕੋਹ ਕੁਟੀਆ ਤੋਂ ਦੂਰ ਰਹਿਕੇ ਲੰਘ ਗਈ, ਅਰ ਸਾਰਾ ਪਰਵਾਰ ਸੜਕੇ ਮਰਨੋਂ ਬਚ ਰਿਹਾ। ਜੇ ਬੀਬੀ ਜੀ! ਉਹ ਸਿੱਖ ਅਕਲ ਨਾਂ ਕਰਦਾ ਤਦ ਉਸ ਵੱਡੀ ਅੱਗ ਨੇ ਤਾਂ ਕਿਤੇ ਰਿਹਾ ਨੇੜੇ ਆਈ ਦੇ ਧੂੰਏਂ ਨੇ ਹੀ ਮਾਰ ਕੱਢਣਾ ਸੀ। ਇਸੀ ਪ੍ਰਕਾਰ ਬੀਬੀ ਜੀ! ਸਾਡੇ ਸਭਨਾਂ ਦੇ ਸਿਰ ਇਕ ਤਰ੍ਹਾਂ ਦੀ ਇਕੱਲ ਆ ਰਹੀ ਹੈ ਕਿ ਜਿਸ ਨੇ ਸਾਨੂੰ ਸਭ ਦਿਸਦੇ ਸਾਕਾਂ ਮਿਤਰਾਂ ਤੋਂ ਵਿਛੋੜ ਕੇ ਵੱਖ ਕਰ ਦੇਣਾ ਹੈ, ਉਹ ਇਕਲ ਸਾਨੂੰ ਐਸਾ ਬਿਹਬਲ ਕਰੇਗੀ ਕਿ ਉਹ ਇਕੱਲ ਹੀ ਨਰਕ ਹੋਵੇਗੀ। ਸੋ ਹੁਣ ਸਮਾਂ ਹੈ ਕਿ ਅਸੀਂ ਇਕੱਲੇ ਹੋਣ ਦੀ ਜਾਚ ਸਿਖ ਲਵੀਏ ਅਰ ਆਪਣੇ ਆਲੇ ਦੁਆਲੇ ਇਕੱਲ ਹੀ ਸਮਝੀਏ ਅਰ ਆਪਣੀਆਂ ਵਾਸ਼ਨਾਂ ਦੀਆਂ ਬਾਹਾਂ ਆਪਣੇ ਆਪ ਦੇ ਹੀ ਆਸਰੇ ਰੱਖੀਏ ਤਾਂ ਜੋ ਉਸ ਵਡੀ ਇਕਲ ਤੋਂ ਪਹਿਲਾਂ ਅਸੀਂ ਇਸ ਇਕੱਲ ਨੂੰ ਜਾਣ ਜਾਈਏ ਇਹ ਇਕੱਲ ਉਸ ਤੋਂ ਰੱਖ ਲਵੇਗੀ। ਇਸ ਇਕੱਲ ਵਿਚ ਅਸੀਂ ਸੁਖੀ ਹੋਈਏ, ਇਕੱਲ ਵਿਚ ਰਬ ਦੀ ਟੇਕ ਤੇ ਰਹੀਏ, ਫਿਰ ਇਕੱਲ ਭਾਗ ਭਰੀ ਹੋ ਜਾਂਦੀ ਹੈ। ਅਸੀਂ ਫੇਰ ਇਕੱਲੇ ਨਹੀਂ ਰਹਿੰਦੇ, ਸਾਡੇ ਨਾਲ ਮਾਲਕ ਆਪ ਆ ਵਸਦਾ ਹੈ।

ਫਾਤਮਾ—ਤੁਸੀਂ ਸੱਚ ਆਖਦੇ ਹੋ ਔਰ ਕਈ ਵਾਰ ਮੈਨੂੰ ਸਮਝਾ ਥੱਕੇ ਹੋ, ਪਰ ਕੀ ਕਰਾਂ! ਮੇਰਾ ਦਿਲ ਸਮਝਦਾ ਤਾਂ ਹੈ, ਪਰ ਪ੍ਰਤੀਤ ਨਹੀਂ ਕਰਦਾ, ਕੋਈ ਐਸੀ ਕ੍ਰਿਪਾ ਕਰੋ ਕਿ ਜੋ ਸਮਝਦੀ ਹਾਂ ਉਹੋ ਹਾਲਤ (ਅਵਸਥਾ) ਹੋ ਜਾਵੇ।

ਸਤਵੰਤ ਕੌਰ—ਸਾਡੇ ਧਰਮ ਵਿਚ ਇਹ ਉਪਦੇਸ਼ ਹੈ:—

'ਜੀਵਤ ਮਰੈ ਮਰੈ ਫੁਨਿ ਜੀਵੈ'

ਜੀਉਂਦਾ ਮਰੈ ਤੇ ਮਰਕੇ ਫੇਰ ਜੀਵੇ, ਉਸ ਨੂੰ ਇਸ ਮਨੁੱਖਾ ਦੇਹ ਦਾ ਆਨੰਦ ਹੈ। ਸੋ ਇਸ ਗੱਲ ਦਾ ਸਾਧਨ ਕਰਨਾ ਚਾਹੀਏ। ਸਾਡੇ ਦੇਸ਼ ਵਿਚ ਸੀਤਲਾ ਦਾ ਰੋਗ ਕਦੇ ਕਦੇ ਪੈਂਦਾ

-69-