ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/111

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਰੂਹਾਨੀ ਕੀਮਤਾ ਦਾ ਲੈਣ-ਦੇਣ ਹੁੰਦਾ ਹੈ, ਜਿਹੜਾ ਕਿਸੇ ਤਰ੍ਹਾਂ ਦੀਆਂ ਵੀ ਰਾਜਸੀ ਹਿੱਤਾਂ ਨਾਲੋਂ ਵਧੇਰੇ ਡੂੰਘਾ ਜਾਂਦਾ ਹੈ। ਇਹੀ ਲੈਣ-ਦੇਣ ਇਕ ਕੌਮ ਦੇ ਸੰਕਲਪ ਨੂੰ ਰੂਪ ਦੇਣ ਵੱਲ ਨੂੰ ਇਕ ਕਦਮ ਹੈ। ਇਸ ਲਹਿਰ ਦੇ ਰੂਪ ਵਿਚ ਹੇਠਲੀਆਂ ਸ਼ਰੇਣੀਆਂ ਪ੍ਰਭਾਵ ਫੜਦੀਆਂ ਹਨ। ਭਗਤੀ ਲਹਿਰ ਵਿਚਲੇ ਖੱਤਰੀ ਵੀ ਪੁਰਾਣੀ ਵਰਨ-ਵੰਡ ਵਾਲੇ 'ਕਸ਼ੱਤ੍ਰੀ ਨਹੀਂ, ਸਗੋਂ ਐਸਾ ਸਮਾਜਕ ਵਰਗ ਹਨ, ਜਿਹੜਾ ਖੇਤੀ ਵੀ ਕਰਦਾ ਹੈ, ਵਪਾਰ ਵੀ ਕਰਦਾ ਹੈ, ਵੱਗ ਵੀ ਚਾਰਦਾ ਹੈ, ਬੌਧਕ ਅਤੇ ਪ੍ਰਬੰਧਕੀ ਜ਼ਿਮੇਵਾਰੀਆਂ ਵੀ ਨਿਭਾਉਂਦਾ ਹੈ। ਬ੍ਰਾਹਮਣੀ ਗਿਆਨ-ਵਸ਼ੇਸ਼ੱਗਤਾ ਅਤੇ ਰੂਹਾਨੀ ਅਜਾਰੇਦਾਰੀ ਦੇ ਜਵਾਬ ਵਿਚ ਇਸ ਤਰ੍ਹਾਂ ਦੇ ਮਿਸ਼ਰਤ ਸਮਾਜਕ ਜ਼ਿਮੇਵਾਰੀਆਂ ਵਾਲੇ ਵਰਗ ਨੇ ਰੁਪ ਧਾਰਿਆ ਲੱਗਦਾ ਹੈ।

ਭਾਰਤ-ਵਿਆਪੀ ਸਾਂਝ ਉਭਰਣ ਦੇ ਨਾਲ ਨਾਲ ਸਥਾਨਕ ਹਾਲਤਾਂ ਉਪਰ ਆਧਾਰਤ ਵੱਖਰੇ ਲੱਛਣ ਵੀ ਜ਼ੋਰ ਫੜਨ ਲੱਗਦੇ ਹਨ। ਕੌਮੀਅਤਾਂ ਦਾ ਰੂਪ ਉੱਭਰਣ ਲੱਗਦਾ ਹੈ, ਜਿਹੜਾ ਦੱਖਣੀ ਭਾਸ਼ਾਈ ਸਮੂਹਾਂ ਤੋਂ ਇਲਾਵਾ ਬੰਗਾਲ ਅਤੇ ਮਹਾਰਾਸ਼ਟਰ ਵਿਚ ਸਭ ਤੋਂ ਵਧ ਸਪੱਸ਼ਟ ਤਰ੍ਹਾਂ ਸਾਹਮਣੇ ਆਉਂਦਾ ਹੈ।

ਪੰਜਾਬ ਦੀਆਂ ਵਿਸ਼ੇਸ਼ ਹਾਲਤਾਂ ਕਾਰਨ ਇਥੇ ਕੌਮੀਅਤ ਦਾ ਸੰਕਲਪ ਵਧੇਰੇ ਧੀਮੀ ਤਰ੍ਹਾਂ ਵਿਕਾਸ ਕਰਦਾ ਹੈ। ਸਿੱਖ ਮੱਤ ਸਮੁੱਚੀ ਭਗਤੀ ਲਹਿਰ ਦਾ ਵਾਰਸ ਹੈ। ਇਸ ਲਈ ਇਹ ਪੰਜਾਬ-ਮੁਖੀ ਏਨਾ ਨਹੀਂ, ਜਿੰਨਾ ਭਾਰਤ-ਮੁਖੀ ਹੈ। ਗੁਰੂ ਨਾਨਕ, ਇਕ ਪਾਸੇ ਤਾਂ ਆਪਣੀ ਜਨਮ-ਭੂਮੀ ਨਾਲ ਏਨਾ ਲਗਾਓ ਰਖਦੇ ਹਨ ਕਿ ਜੀਵਨ ਦੇ ਪਿੱਛਲੇ ਸਾਲਾਂ ਵਿਚ ਉਸ ਦੀ ਇਕ ਇਕ ਚੀਜ਼ ਦਾ ਭਾਵੇਕ ਚਿਣ ਕਰਦੇ ਹਨ। ਪਰ ਉਨ੍ਹਾਂ ਦੇ ਜੀਵਨ ਅਨੁਭਵ ਦੀ ਸੀਮਾ ਸਮੁੱਚੇ ਦੇਸ਼ ਤੱਕ ਅਤੇ ਇਸ ਦੀਆਂ ਸਰਹੱਦਾਂ ਤੋਂ ਵੀ ਪਾਰ ਤੱਕ ਫੈਲੀ ਹੋਈ ਹੈ। ਉਹ ਹਿੰਦੁਸਤਾਨ ਦੇ ਪ੍ਰਸੰਗ ਵਿਚ ਸੋਚਦੇ ਹਨ। ਗੁਰੂ ਅਰਜਨ ਨੇ ਗੁਰੂ ਗਰੰਥ ਸਾਹਿਬ ਦੀ ਸੰਪਾਦਨਾ ਵਿਚ ਸਿੱਖ ਮੱਤ ਦੇ ਭਾਰਤ-ਮੁਖੀ ਹੋਣ ਦੇ ਲੱਛਣ ਨੂੰ ਹੀ ਸਾਕਾਰ ਕੀਤਾ। ਗੁਰੂ ਗੋਬਿੰਦ ਸਿੰਘ ਵਲੋਂ ਆਪਣੀ ਰਚਨਾ ਲਈ ਪੰਜਾਬੀ ਤੋਂ ਇਲਾਵਾ ਕਿਸੇ ਹੋਰ ਬੋਲੀ ਨੂੰ ਅਪਣਾਏ ਜਾਣ ਦਾ ਕਾਰਨ ਸ਼ਾਇਦ ਸਿਰਫ਼ ਇਹ ਨਹੀਂ ਸੀ ਕਿ ਉਨ੍ਹਾਂ ਦੀ ਮਾਤਭਾਸ਼ਾ ਪੰਜਾਬੀ ਨਹੀਂ ਸੀ, ਸਗੋਂ ਇਸੇ ਭਾਰਤ-ਮੁਖੀ ਹੋਣ ਦੀ ਪਰੰਪਰਾ ਨੂੰ ਅੱਗੇ ਤਰਨਾ ਸੀ। ਉਨ੍ਹਾਂ ਦੇ ਵੱਖ ਵੱਖ ਭਾਸ਼ਾਵਾਂ ਦੇ 52 ਕਵੀ, ਉਹਨਾਂ ਵਲੋਂ ਭਾਰਤੀ ਸੰਸਕ੍ਰਿਤੀ ਦੀ ਪੁਨਰਜੀਤੀ ਦਾ ਯਤਨ, ਭਾਰਤੀ ਕਲਾਸਕੀ ਰਚਨਾਵਾਂ ਨੂੰ ਨਵਾਂ ਰੂਪ ਦੇਣਾ ਆਦਿ ਇਸੇ ਪਾਸੇ ਵੱਲ ਸੰਕੇਤ ਕਰਦੇ ਹਨ।

ਸਿੱਖ ਮੱਤ ਦੀ ਸਰਗਰਮੀ ਦਾ ਕੇਂਦਰ ਪੰਜਾਬ ਸੀ, ਪਰ ਇਸ ਦੀ ਦ੍ਰਿਸ਼ਟੀ ਦੀ ਸੀਮਾ ਹਿੰਦੁਸਤਾਨ ਸੀ। ਗੁਰੂ ਗੋਬਿੰਦ ਸਿੰਘ ਤੱਕ ਪਹੁੰਚਦਿਆਂ ਇਸ ਨੇ ਵਧੇਰੇ ਰੈਡੀਕਲ ਰੂਪ ਧਾਰਨ ਕਰ ਲਿਆ ਅਤੇ ਇਸ ਰੂਪ ਨੂੰ ਅਮਲੀ ਜਾਮਾ ਪੁਆਉਣ ਲਈ ਇਕ ਲੋਕਤੰਤਰੀ ਰਾਜਸੀ ਸੰਗਠਨ ਵੀ ਵਿਕਸਤ ਕਰ ਲਿਆ। ਇਹ ਗੱਲ ਅਜੇ ਵੀ ਪਰਖਣ ਵਾਲੀ ਹੈ ਕਿ ਸਿੱਖ ਮੱਤ ਵਲੋਂ ਸਮੁੱਚੀ ਕੌਮ ਦਾ ਬੌਧਕ ਪ੍ਰਤਿਨਿਧ ਬਣਦਿਆਂ ਬਣਦਿਆਂ ਇਕ ਸੂਬੇ ਦੀ

109