ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/113

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨਸ਼ਟ ਕੀਤਾ। ਮਜ਼ਬੀ ਵਖੇਵਿਆਂ ਨੂੰ ਹਵਾ ਦੇ ਕੇ ਲੋਕਾਂ ਨੂੰ ਇਕ ਦੂਜੇ ਦੇ ਵਿਰੁੱਧ ਖੜਾ ਕੀਤਾ। ਅੰਗਰੇਜ਼ਾਂ ਦੇ ਰਾਜਸੀ ਗ਼ਲਬੇ ਹੇਠ ਸਭ ਤੋਂ ਮਗਰੋਂ ਆਉਣ ਨੇ ਵੀ ਪੰਜਾਬ ਉੱਤੇ ਆਪਣੀ ਤਰ੍ਹਾਂ ਦਾ ਪ੍ਰਭਾਵ ਪਾਇਆ ਲੱਗਦਾ ਹੈ। ਦੂਜੇ ਸੂਬਿਆਂ ਵਿਚ ਅੰਗਰੇਜ਼ਾਂ ਰਾਹੀਂ ਪੱਛਮੀ ਪ੍ਰਭਾਵ ਪਹਿਲਾਂ ਆਇਆ, ਜਿਸ ਹੇਠ ਸ਼ੁਰੂ ਹੋਈਆਂ ਪ੍ਰਬੁੱਧਤਾ ਦੀਆਂ ਲਹਿਰਾਂ ਨੇ ਕੌਮੀਅਤਾਂ ਦੇ ਵਿਕਾਸ ਨੂੰ ਅੱਗੇ ਤੋਰਿਆ। ਪਰ ਪੰਜਾਬ ਵਿਚ ਇਹਨਾਂ ਹੀ ਅਖਾਉਤੀ ਪ੍ਰਬੁੱਧਤਾ ਦੀਆਂ ਲਹਿਰਾਂ (ਸਿੰਘ ਸਭਾ, ਆਰੀਆ ਸਮਾਜ ਆਦਿ) ਨੇ ਸਾਂਝੀ ਕੌਮੀਅਤ ਦਾ ਅਹਿਸਾਸ ਜਿੰਨਾ ਕੁ ਸੀ, ਉਸ ਨੂੰ ਖ਼ਤਮ ਕੀਤਾ। ਕੌਮੀ ਆਜ਼ਾਦੀ ਦੀ ਲਹਿਰ ਕੌਮੀਅਤਾਂ ਦੇ ਅਹਿਸਾਸ ਨੂੰ (ਜਿੱਥੇ ਇਹ ਵਿਕਸਤ ਹੋ ਚੁੱਕਾ ਸੀ) ਸੱਟ ਲਾਏ ਤੋਂ ਬਿਨਾਂ ਸਾਰਿਆਂ ਨੂੰ ਇਕ ਕੌਮੀ ਮੁੱਖ ਧਾਰਾ ਵਿਚ ਇਕਮੁੱਠ ਕਰਦੀ ਸੀ, ਪਰ ਮਜ਼ਬੀ ਸੰਗਠਨ ਕੰਮ ਅਤੇ ਕੌਮੀਅਤ ਦੇ ਸੰਕਲਪ ਨੂੰ ਮਜ਼ਬੇ ਨਾਲ ਜੁੜ ਕੇ, ਇਸ ਕੌਮੀ ਭਾਵਨਾ ਨੂੰ ਮੁੜ ਮੁੜ ਕੇ ਤਾਰਪੀਡੋ ਕਰਦੇ ਅਤੇ ਸਾਮਰਾਜੀ ਹੱਥਾਂ ਵਿਚ ਖੇਡਦੇ ਸਨ। ਤਾਂ ਵੀ, ਜਿੱਥੇ ਕੌਮੀਅਤ ਦੀ ਭਾਵਨਾ ਵਿਕਾਸ ਕਰ ਚੁੱਕੀ ਹੁੰਦੀ, ਉੱਥੇ ਇਹ ਬਹੁਤਾ ਨੁਕਸਾਨ ਨਹੀਂ ਸਨ ਪੁਚਾ ਸਕਦੇ, ਸਗੋਂ ਸਾਮਰਾਜੀਆਂ ਨੂੰ ਆਪਣੇ ਚੁੱਕੇ ਕਦਮ ਵਾਪਸ ਲੈਣ ਲਈ ਮਜਬੂਰ ਕਰ ਦੇਦੇ ਸਨ, ਜਿਵੇਂ ਕਿ ਬੰਗਾਲ ਵਿਚ। ਪਰ ਪੰਜਾਬ ਵਰਗੀ ਥਾਂ ਇਹ ਤਬਾਹੀ ਮਚਾ ਸਕਦੇ ਸਨ।

ਧਰਮਾਂ, ਕੌਮੀਅਤਾਂ ਅਤੇ ਸਭਿਆਚਾਰਾਂ ਦੀ ਅਨੇਕਤਾ ਵਾਲੇ ਕਿਸੇ ਵੀ ਆਜ਼ਾਦ ਦੇਸ਼ ਵਿਚ ਕੌਮੀ ਅਤੇ ਕੌਮੀਅਤਾਂ ਦੇ ਸਵਾਲ ਨੂੰ, ਕੌਮੀ ਸਭਿਆਚਾਰ ਅਤੇ ਕੌਮੀਅਤਾਂ ਦੇ ਸਭਿਆਚਾਰਾਂ ਵਿਚਲੇ ਸੰਬੰਧਾਂ ਦੇ ਸਵਾਲ ਨੂੰ ਨਜਿੱਠਣ ਦੇ ਦੋ ਹੀ ਤਰੀਕੇ ਹੋ ਸਕਦੇ ਹਨ। ਇਕ ਲੋਕਤੰਤਰੀ ਤਰੀਕ, ਜਿਸ ਵਿਚ ਹੋਰ ਕੌਮੀਅਤ ਨੂੰ ਆਪਣੇ ਸਭਿਆਚਾਰ ਦਾ ਵਿਕਾਸ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ, ਅਤੇ ਇੰਜ ਕਰਦਿਆਂ ਦੂਜੀਆਂ ਕੌਮੀਅਤਾਂ ਨੂੰ ਵੀ ਅਤੇ ਕੌਮੀ ਸਭਿਆਚਾਰ ਨੂੰ ਵੀ ਇਸ ਦੀਆਂ ਅਤਿ ਚੰਗੀਆਂ ਪਰਾਪਤੀਆਂ ਨਾਲ ਅਮੀਰ ਬਣਾਇਆ ਜਾਂਦਾ ਹੈ, ਜਦ ਕਿ ਦੂਜੇ ਸਭਿਆਚਾਰ ਦੀਆਂ ਪਰਾਪਤੀਆਂ ਨਾਲ ਇਹ ਆਪਣਾ ਖ਼ਜ਼ਾਨਾ ਵੀ ਭਰਪੂਰ ਕਰਦੀ ਹੈ। ਧਰਮ-ਨਿਰਪੱਖਤਾ ਅਤੇ ਬਿਨਾਂ ਕਿਸੇ ਭੇਦ-ਭਾਵ ਦੇ ਨਿੱਕੀਆਂ ਵੱਡੀਆਂ ਸਭ ਕੌਮੀਅਤਾਂ ਵਿਚਕਾਰ ਭਰਪੂਰ ਸੰਪਰਕ ਅਤੇ ਸਭਿਆਚਾਰਕ ਲੈਣ-ਦੇਣ ਇਸ ਤਰੀਕੇ ਦੀਆਂ ਲਾਜ਼ਮੀ ਸ਼ਰਤਾਂ ਹਨ। ਇਸ ਤਰ੍ਹਾਂ ਹੋਂਦ ਵਿਚ ਆਇਆ ਕੌਮੀ ਸਭਿਆਚਾਰ ਸਮੁੱਚੀ ਕੌਮ ਦੀਆਂ ਲੋਕਤੰਤਰੀ ਭਾਵਨਾਵਾਂ ਅਤੇ ਪਰਾਪਤੀਆਂ ਦਾ ਪ੍ਰਤਿਬਿੰਬ ਹੁੰਦਾ ਹੈ।

ਦੂਜਾ ਤਰੀਕਾ ਇਹ ਹੈ ਕਿ ਕੌਮੀ ਏਕਤਾ ਅਤੇ ਇਕ ਕੌਮੀ ਸਭਿਆਚਾਰ ਦੇ ਨਾਂ ਉੱਤੇ ਕੌਮੀਅਤਾਂ ਦੇ ਸਭਿਆਚਾਰਾਂ ਨੂੰ ਖ਼ਤਮ ਕੀਤਾ ਜਾਏ। ਇਹ ਤਰੀਕਾ ਵੀ ਲੋਕਤੰਤਰੀ ਦਿੱਖ ਦੇ ਸਕਦਾ ਹੈ: ਭਾਰੀ ਬਹੁ-ਗਿਣਤੀ ਦੇ ਸਭਿਆਚਾਰ ਨੂੰ ਸਭ ਵਲੋਂ ਪ੍ਰਵਾਨ ਕੀਤਾ ਜਾਏ! ਪਰ ਇਸ ਤਰੀਕੇ ਵਿਚ ਲੋਕਤੰਤਰ ਸੜਕਾਂ ਪੱਧਰੀਆਂ ਕਰਨ ਵਾਲੇ ਇੰਜਨ ਦਾ ਕੰਮ ਦੇਂਦਾ ਹੈ, ਜਿਹੜਾ ਅੱਗੇ ਆਉਂਦੀ ਹਰ ਚੀਜ਼ ਨੂੰ ਦਰੜ ਕੇ ਪੱਧਰਾ ਕਰ ਦੇਂਦਾ ਹੈ।

111