ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/19

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪਰ ਸਮਾਜਕ ਅਤੇ ਸਭਿਆਚਾਰਕ ਅੰਸ਼ਾਂ ਦਾ ਨਿਖੇੜਾ ਕਰਨਾ ਬੇਹੱਦ ਮੁਸ਼ਕਲ ਹੈ। ਉਪਰੋਕਤ ਤਿੰਨੇ ਵਿਗਿਆਨ ਸਮਾਜਕ ਯਥਾਰਥ ਦਾ ਹੀ ਅਧਿਐਨ ਕਰਦੇ ਹਨ, ਜਿਸ ਕਰਕੇ ਇਹਨਾਂ ਦਾ ਕਾਰਜ-ਖੇਤਰ ਸਮਾਜ ਹੀ ਹੈ, ਪਰ ਇਹ ਵੱਖੋ-ਵੱਖਰੇ ਅੰਸ਼ਾਂ ਉਤੇ ਬਲ ਦੇਂਦੇ ਹਨ, ਜਿਸ ਕਰਕੇ ਇਹਨਾਂ ਵਿਚ ਨਿਖੇੜਾ ਕਿਸੇ ਹੱਦ ਤੱਕ ਸੰਭਵ ਵੀ ਹੈ। ਸਮਾਜ-ਵਿਗਿਆਨ ਆਮ ਕਰਕੇ ਮਨੁੱਖ ਦੇ ਸਮਾਜਕ ਵਿਹਾਰ ਦਾ, ਮਨੁੱਖਾਂ ਦੇ ਛੋਟੇ ਜਾਂ ਵੱਡੇ ਸਮੂਹਾਂ ਦਾ, ਅਤੇ ਸਮਾਜਕ ਸੰਸਥਾਵਾਂ ਦੇ ਨਿਕਾਸ, ਵਿਕਾਸ ਅਤੇ ਕਾਰਜ ਦਾ ਅਧਿਐਨ ਕਰਦਾ ਹੈ। ਇਸ ਲਈ ਸਮਾਜ-ਵਿਗਿਆਨ ਵਿਚ ਸਭਿਆਚਾਰ ਨੂੰ ਸੀਮਿਤ ਅਰਥਾਂ ਵਿਚ ਰੱਖ ਕੇ ਦੇਖਿਆ ਜਾਂਦਾ ਹੈ, ਜਦ ਕਿ ਮਾਨਵ-ਵਿਗਿਆਨ ਦਾ ਸਾਰਾ ਅਧਿਐਨ-ਖੇਤਰ ਹੀ ਮਨੁੱਖੀ ਸਭਿਆਚਾਰ ਹੈ। ਦੂਜਾ ਨਿਖੇੜ ਇਹ ਕੀਤਾ ਜਾ ਸਕਦਾ ਹੈ ਕਿ ਸਮਾਜ-ਵਿਗਿਆਨ ਦੇ ਘੇਰੇ ਵਿਚ ਵਧੇਰੇ ਕਰਕੇ ਆਧੁਨਿਕ ਸਮਾਜ ਆਉਂਦੇ ਹਨ, ਜਦ ਕਿ ਮਾਨਵ-ਵਿਗਿਆਨ ਦਾ ਖੇਤਰ ਪੂਰਵ-ਇਤਿਹਾਸਕ ਮਨੁੱਖੀ ਸਮਾਜਾਂ (ਪੁਰਾਤੱਤਵ)ਤੋਂ ਲੈ ਕੇ ਅੱਜ ਦੇ ਉਹ ਸਮਾਜ ਵਧੇਰੇ ਹਨ, ਜਿਹੜੇ ਮੁੱਢਲੇ ਪੜਾਵਾਂ ਉਤੇ ਰਹਿ ਰਹੇ ਹਨ। ਮਨੋਵਿਗਿਆਨ ਵਿਚ ਸਭਿਆਚਾਰ ਦਾ ਅਧਿਐਨ ਸਮਾਜ ਵਿਚ ਮਨੁੱਖੀ ਸ਼ਖ਼ਸੀਅਤ ਦੀ ਉਸਾਰੀ ਦੇ ਪੱਖੋਂ ਕੀਤਾ ਜਾਦਾ ਹੈ।

ਇਥੇ ਇਹ ਕਹਿਣ ਦੀ ਲੋੜ ਨਹੀਂ ਕਿ ਬਾਕੀ ਦੇ ਸਮਾਜਕ ਵਿਗਿਆਨ ਵੀ ਸਿੱਧੇ ਜਾਂ ਅਸਿੱਧੇ ਤੌਰ ਉਤੇ ਸਭਿਆਚਾਰ ਦਾ ਹੀ ਅਧਿਐਨ ਕਰਦੇ ਹਨ ਅਤੇ ਇਸ ਉਤੇ ਚਾਨਣ ਪਾਉਂਦੇ, ਇਸ ਨੂੰ ਸਮਝਣ ਵਿਚ ਸਹਾਈ ਹੁੰਦੇ ਹਨ, ਜਿਵੇਂ ਕਿ ਇਤਿਹਾਸ, ਅਰਥਸ਼ਾਸਤਰ, ਰਾਜਨੀਤੀ ਆਦਿ। ਇਹ ਵਿਗਿਆਨ ਵੀ ਆਪੋ ਆਪਣੇ ਖੇਤਰ ਵਿਚ ਮਨੁੱਖਾ ਸਰਗਰਮੀ ਦਾ ਅਧਿਐਨ ਤੇ ਵਿਸ਼ਲੇਸ਼ਣ ਕਰਦੇ, ਆਪੋ ਆਪਣੇ ਖੇਤਰ ਵਿਚ ਹੋਂਦ ਵਿਚ ਆਈਆਂ ਸਮਾਜਕ ਸੰਸਥਾਵਾਂ ਦੀ ਕਿਰਿਆ, ਉਹਨਾਂ ਦੇ ਹੋਂਦ ਵਿਚ ਆਉਣ ਦੇ ਕਾਰਨ, ਅਤੇ ਉਹਨਾਂ ਦਾ ਇਤਿਹਾਸ ਉਲੀਕਦੇ ਹਨ। ਅਤੇ ਇਹ ਸਾਰਾ ਕੁਝ ਉਸ ਵਿਸ਼ੇਸ਼ ਸਮਾਜ ਦੇ ਸਭਿਆਚਾਰ ਨੂੰ ਸਮਝਣ ਵਿਚ ਸਹਾਈ ਹੁੰਦਾ ਹੈ।

ਜਨ-ਸਾਧਾਰਨ ਦੀ ਪੱਧਰ ਉਤੇ ਸਭਿਆਚਾਰ ਦੀ ਸਭ ਤੋਂ ਸਰਲ ਪਰਿਭਾਸ਼ਾ ਅੰਗਰੇਜ਼ੀ ਦੇ ਵਿਸ਼ੇਸ਼ਣ 'ਕਲਚਰਡ' (ਸਭਿਆਚਾਰ ਵਾਲਾ) ਤੋਂ ਅਗਵਾਈ, ਲੈ ਕੇ ਕੀਤੀ ਜਾਂਦੀ ਹੈ, ਜਿਸ ਅਨੁਸਾਰ ਸਭਿਆਚਾਰ ਤੋਂ 'ਵਿਹਾਰ ਦੀ ਨਫ਼ਾਸਤ' ਦਾ ਅਰਥ ਲਿਆ ਜਾਂਦਾ ਹੈ। ਇਹ ਸਭਿਆਚਾਰ ਦੇ ਬੇਹੱਦ ਸੀਮਿਤ ਅਰਥ ਹਨ, ਅਤੇ ਇਸ ਨੂੰ ਮਾਨਵ-ਵਿਗਿਆਨੀ ਹਿਰਸਕੋਵਿਤਸ ਸਭਿਆਚਾਰ ਦੀ 'ਬੋਰਡਿੰਗ ਸਕੂਲ ਪਰਿਭਾਸ਼ਾ' ਕਹਿੰਦਾ ਹੈ।1

ਸਭਿਆਚਾਰ ਦੀਆਂ ਹੁਣ ਤੱਕ ਮਿਲਦੀਆਂ ਪਰਿਭਾਸ਼ਾਵਾਂ ਵਿਚੋਂ ਕੁਝ ਐਸੀਆਂ ਹਨ, ਜਿਨ੍ਹਾਂ ਵਿਚ ਉਹ ਸਾਰਾ ਕੁਝ ਗਿਣਾ ਦਿੱਤਾ ਜਾਂਦਾ ਹੈ, ਜੋ ਕੁਝ ਸੰਭਵ ਤੌਰ ਉਤੇ ਸਭਿਆਚਾਰ ਵਿਚ ਸ਼ਾਮਲ ਮੰਨਿਆ ਜਾਂਦਾ ਹੈ। ਇਸੇ ਤਰ੍ਹਾਂ ਦੀ ਪਰਿਭਾਸ਼ਾ ਅੰਗਰੇਜ਼ ਮਾਨਵ-ਵਿਗਿਆਨੀ ਐਡਵਰਡ ਬੀ. ਟਾਇਲਰ ਵਲੋਂ ਦਿੱਤੀ ਗਈ ਹੈ, ਜਿਹੜੀ ਸਭਿਆਚਾਰ ਦੀ ਸਭ ਤੋਂ ਪਹਿਲੀ ਪਰਿਭਾਸ਼ਾ ਮੰਨੀ ਜਾਂਦੀ ਹੈ। ਇਸੇ ਕਰਕੇ ਹੀ ਇਸ ਦਾ ਹਵਾਲਾ

17