ਹੁੰਦੀ। ਓਥੇ ਪਰਿਭਾਸ਼ਕ ਸ਼ਬਦਾਵਲੀ ਦੇ ਅਰਥ ਨਿਸਚਿਤ ਅਤੇ ਸੀਮਤ ਹੁੰਦੇ ਹਨ। ਉਦਾਹਰਣ ਵਜੋਂ, ਜੀਵ-ਵਿਗਿਆਨ ਵਿਚ 'ਸੈੱਲ', ਰਸਾਇਣ ਵਿਚ “ਹਾਈਡਰੋਜਨ', ਭੌਤਿਕ-ਵਿਗਿਆਨ ਵਿਚ ’ਤਾਪ' ਆਦਿ ਸ਼ਬਦ ਕਿਸੇ ਨਿਸਚਿਤ ਚੀਜ਼ ਜਾਂ ਅਵਸਥਾ ਵੱਲ ਸੰਕੇਤ ਕਰਦੇ ਹਨ। ‘ਪਦਾਰਥ' ਵਰਗੇ ਸਰਬ-ਵਿਆਪਕ ਸ਼ਬਦ ਦਾ ਵੀ, ਜਿਸ ਨੂੰ ਬਹੁਤ ਵੱਖ ਵੱਖ ਤਰ੍ਹਾਂ ਦੀਆਂ ਵਸਤਾਂ ਦਾ ਵਰਣਨ ਕਰਨ ਲਈ ਵਰਤਿਆ ਜਾਂਦਾ ਹੈ, ਪ੍ਰਾਕਿਰਤਕ ਵਿਗਿਆਨਾਂ ਵਿਚ ਨਿਸ਼ਚਿਤ ਅਰਥ ਹੈ। ਮੁਸ਼ਕਲ ਸਿਰਫ਼ ਓਦੋਂ ਆਉਂਦੀ ਹੈ ਜਦੋਂ ਇਸ ਨੂੰ ਫ਼ਲਸਫ਼ੇ ਦੇ ਖੇਤਰ ਵਿਚ ਪਰਿਭਾਸ਼ਿਤ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਸਮਾਜਕ ਵਿਗਿਆਨਾਂ ਵਿਚ ਅਤਿ ਦੇ ਸਾਧਾਰਨ ਅਤੇ ਸਪਸ਼ਟ ਸੰਕੇਤਕ ਸ਼ਬਦ ਦੇ ਅਰਥਾਂ ਨੂੰ ਵੀ ਸਮੇਂ ਅਤੇ ਸਥਾਨ ਦੇ ਸੰਦਰਭ ਵਿਚ ਰੱਖ ਕੇ ਹੀ ਸਮਝਿਆਂ ਜਾ ਸਕਦਾ ਹੈ। ਅਤੇ ਹਰ ਸੰਦਰਭ ਵਿਚ ਇਹ ਸ਼ਬਦ ਵੱਖਰੇ ਅਰਥ ਦੇਂਦੇ ਹਨ। ਲੋਕ-ਤੰਤਰ ਵਰਗਾ ਪ੍ਰਮਾਣਿਕ ਪਰਿਭਾਸ਼ਾ ਵਾਲਾ ਸੰਕਲਪ ਵੀ ਵਿਹਾਰਕ ਪੱਧਰ ਉਤੇ ਆਪਣੇ ਅਰਥ-ਵਸਤੂ ਵਿਚ ਭਿੰਨਤਾ ਰੱਖਦਾ ਹੈ। ਅਮਰੀਕਾ, ਬਰਤਾਨੀਆ ਅਤੇ ਭਾਰਤ,ਤਿੰਨੇ ਹੀ ਲੋਕ-ਤੰਤਰ ਕਹੇ ਜਾਂਦੇ ਹਨ, ਪਰ ਇਹਨਾਂ ਵਿਚ ਸਾਂਝ ਸਿਰਫ਼ ਸਰਬ-ਵਿਆਪਕ ਵੋਟਾਂ ਦੇ ਹੱਕ ਦੀ ਹੈ ਜਦ ਕਿ ਰਾਜ ਅਤੇ ਸਰਕਾਰ ਦੀ ਬਣਤਰ ਅਤੇ ਅਧਿਕਾਰ ਪ੍ਰਣਾਲੀ ਤਿੰਨਾਂ ਦੀ ਵੱਖ ਵੱਖ ਹੈ।
ਸਭਿਆਚਾਰ ਸ਼ਬਦ ਵਿਚ ਬਹੁ-ਅਰਥਕਤਾ ਆਉਣ ਦਾ, ਅਤੇ ਇਸ ਤਰ੍ਹਾਂ ਇਸ ਨੂੰ ਪਰਿਭਾਸ਼ਿਤ ਕਰਨ ਵਿਚ ਆਉਂਦੀ ਇਕ ਹੋਰ ਮੁਸ਼ਕਲ ਦਾ ਕਾਰਨ ਇਹ ਹੈ ਕਿ ਇਹ ਬਹੁਤ ਵਿਸ਼ਾਲ, ਸਗੋਂ ਮਨੁੱਖੀ ਸਮਾਜ ਜਿੰਨਾ ਹੀ ਸਰਬ-ਵਿਆਪਕ ਹੈ। ਇਸ ਲਈ ਇਹ। ਕਿਸੇ ਇਕ ਚੀਜ਼ ਵਲ ਸੰਕੇਤ ਨਹੀਂ ਕਰਦਾ, ਸਗੋਂ ਇਸ ਵਿਚ ਨਿਸਚਿਤ ਠੇਸ ਪਦਾਰਥਾਂ ਅਤੇ ਸਮਾਜਕ ਵਰਤਾਰਿਆਂ ਤੋਂ ਲੈ ਕੇ ਨਿਰੋਲ ਭਾਵਵਾਚਕ ਸੰਕਲਪਾਂ ਤਕ ਕਈ ਕੁਝ ਆ ਜਾਂਦਾ ਹੈ, ਜੋ ਕੁਝ ਵੈਸੇ ਵੀ ਵੱਖ ਵੱਖ ਵਿਚਾਰਧਾਰਕ ਪ੍ਰਣਾਲੀਆਂ ਅਨੁਸਾਰ ਵੱਖ ਵੱਖ ਨੂੰ ਅਰਥ-ਵਸਤੂ ਦਾ ਸੂਚਕ ਹੁੰਦਾ ਹੈ।
ਪਰਿਭਾਸ਼ਿਕ ਕਠਿਨਾਈ ਦਾ ਤੀਜਾ ਕਾਰਨ ਇਹ ਹੈ ਕਿ ਸਭਿਆਚਾਰ ਦਾ ਅਧਿਐਨ ਵੱਖ ਵੱਖ ਸਮਾਜਕ ਵਿਗਿਆਨਾਂ ਵਿਚ ਕੀਤਾ ਜਾਂਦਾ ਹੈ, ਖ਼ਾਸ ਕਰਕੇ ਮਾਨਵ-ਵਿਗਿਆਨ ਸਮਾਜ-ਵਿਗਿਆਨ ਅਤੇ ਮਨੋਵਿਗਿਆਨ ਵਿਚ। ਤਿੰਨਾਂ ਦੇ ਹੀ ਅਧਿਐਨ ਦੇ ਵੱਖ ਵੱਖ ਸੰਦ ਹਨ; ਤਿੰਨਾਂ ਵਿਚ ਹੀ ਇਸ ਦਾ ਵੱਖ ਵੱਖ ਸਥਾਨ ਹੈ, ਅਤੇ ਇਹ ਇਸ ਨੂੰ ਵੱਖ ਵੱਖ ਸਮੱਸਿਆਵਾਂ ਦੇ ਸੰਦਰਭ ਵਿਚ ਦੇਖਦੇ ਹਨ।
ਇਹ ਤਿੰਨੇ ਵਿਗਿਆਨ ਹੀ ਆਪਣੇ ਅਧਿਐਨ-ਖੇਤਰ ਦੀਆਂ ਹੱਦਾਂ ਕਰਕੇ ਨਿਖੇੜਨੇ ਮੁਸ਼ਕਲ ਹਨ, ਭਾਵੇਂ ਵੱਖੋ-ਵੱਖਰੇ ਸਮਾਜਕ ਅੰਸ਼ਾਂ ਉਤੇ ਜ਼ੋਰ ਦੇਣ ਦੇ ਪੱਖੋਂ ਨਿਖੇੜਾ ਕਰਨਾ। ਜ਼ਰੂਰ ਸੰਭਵ ਹੈ। ਪਹਿਲੀ ਮੁਸ਼ਕਲ ਤਾਂ ਇਹੀ ਹੈ ਕਿ ਸਮਾਜ ਅਤੇ ਸਭਿਆਚਾਰ ਦਾ ਨਿਖੇੜਾ ਕਰਨਾ ਤਾਂ ਸੌਖਾ ਅਤੇ ਸੰਭਵ ਹੈ (ਸਭਿਆਚਾਰ ਕਿਸੇ ਸਮਾਜ ਦਾ ਹੀ ਹੁੰਦਾ ਹੈ)