ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/71

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

"ਸਿਵਿਲਾਈਜ਼ੇਸ਼ਨ" ਹੈ। ਇਸ ਤੋਂ ਭਾਵ ਸਮਾਜਕ ਵਿਕਾਸ ਦਾ ਉਹ ਪੜਾਅ ਹੈ. ਜਦੋਂ ਸਮਾਜ ਦਾ ਸੰਗਠਨ ਨਾਤੇਦਾਰੀ ਜਾਂ ਕਬੀਲੇ ਦੇ ਆਧਾਰ ਉੱਤੇ ਨਹੀਂ, ਸਗੋਂ 'ਸਿਵਿਲ' ਆਧਾਰ ਉੱਤੇ ਕੀਤਾ ਜਾਣ ਲੱਗਾ, ਜਿਵੇਂ ਕਿ ਅੱਜ ਸ਼ਹਿਰਾਂ ਵਿਚ ਹੈ। ਸਮਾਜ-ਵਿਗਿਆਨੀਆਂ ਦਾ ਇਹ ਕਹਿਣਾ ਹੈ ਕਿ "ਸਿਵਿਲੀਕਰਨ" ਵਾ ਇਹ ਪੜਾਅ ਪਦਾਰਥਕ ਸਭਿਆਚਾਰ ਵਿਚਲੀਆਂ ਕੁਝ ਐਸੀਆਂ ਕਾਢਾਂ ਨਾਲ ਜੁੜਿਆ ਹੋਇਆ ਹੈ, ਜਿਨ੍ਹਾਂ ਨੇ ਮਨੁੱਖੀ ਵਿਕਾਸ ਵਿਚ ਇਤਿਹਾਸਕ ਮੋੜ ਲੈ ਆਂਦਾ, ਖ਼ਾਸ ਕਰਕੇ ਧਾਤਾਂ ਦੀ ਕਾਢ, ਪਹੀਏ ਦੀ ਵਰਤੋਂ ਅਤੇ ਲਿਪੀ ਦੀ ਸਿਰਜਣਾ। ਲਿਪੀ ਦੀ ਸਿਰਜਣਾ ਨਾਲ ਹੀ ਇਤਿਹਾਸ ਸ਼ੁਰੂ ਹੋਇਆ। ਸੋ ਇਸ ਤੋਂ ਪਹਿਲਾਂ ਦਾ ਸਮਾਂ, ਪੂਰਵ-ਇਤਿਹਾਸ ਅਤੇ ਪੂਰਵ-ਸਭਿਅਤਾ ਦਾ ਯੁਗ ਮੰਨ ਲਿਆ ਜਾਂਦਾ ਹੈ।

ਜੇ ਉੱਪਰ ਸਭਿਆਚਾਰ ਅਤੇ ਸਭਿਅਤਾ ਨੂੰ ਇੱਕੋ ਹੀ ਵਰਤਾਰੇ ਦੇ ਵੱਖ-ਵੱਖ ਪੜਾਅ ਮੰਨ ਲਿਆ ਗਿਆ ਹੈ, ਤਾਂ ਇੱਕ ਹੋਰ ਦ੍ਰਿਸ਼ਟੀ ਤੋਂ ਸਭਿਅਤਾ ਨੂੰ ਸਭਿਆਚਾਰ ਨਾਲੋਂ ਕਿਤੇ ਵਿਸ਼ਾਲ ਅਰਥਾਂ ਵਿਚ ਲਿਆ ਜਾਂਦਾ ਹੈ। ਆਰਨਲਡ ਜੇ. ਟੋਇਨਬੀ ਨੇ ਆਪਣੀ ਰਚਨਾ 'ਏ ਸਟੱਡੀ ਆਫ਼ ਹਿਸਟਰੀ' ਵਿਚ ਇਸ ਸ਼ਬਦ ਨੂੰ ਜਿਨ੍ਹਾਂ ਅਰਥਾਂ ਵਿਚ ਲਿਆ ਹੈ, ਉਹਨਾਂ ਨਾਲ ਇਹ ਇਕ ਦੇਸ਼, ਕੌਮ ਜਾਂ ਸਭਿਆਚਾਰ ਦੀਆਂ ਹੱਦਾਂ ਤੋਂ ਕਿਤੇ ਵਿਸ਼ਾਲ ਹੋ ਨਿੱਬੜਦਾ ਹੈ।

ਆਮ ਕਰਕੇ ਇਹਨਾਂ ਦੋਹਾਂ ਸੰਕਲਪਾਂ ਵਿਚਕਾਰ ਨਿਖੇੜ ਸਮਾਜਿਕ ਵਰਤਾਰਿਆਂ ਦੇ ਵਰਗੀਕਰਨ ਨਾਲ ਕੀਤਾ ਜਾਂਦਾ ਹੈ, ਜਿਸ ਵਿਚ ਪਦਾਰਥਕ ਵਰਤਾਰਿਆਂ ਨੂੰ ਸਭਿਅਤਾ ਵਿਚ ਅਤੇ ਗ਼ੈਰ-ਪਦਾਰਥਕ ਵਰਤਾਰਿਆਂ ਨੂੰ ਸਭਿਆਚਾਰ ਵਿਚ ਰੱਖ ਲਿਆ ਜਾਂਦਾ ਹੈ। ਇਸੇ ਹੀ ਵੰਡ ਨੂੰ ਕਦਰਾਂ-ਕੀਮਤਾਂ ਦੇ ਆਧਾਰ ਉੱਤੇ ਰੱਖਦਿਆਂ, ਸਭਿਅਤਾ ਵਿਚ ਉਹ ਸਾਰਾ ਕੁਝ ਰੱਖ ਲਿਆ ਜਾਂਦਾ ਹੈ, ਜਿਸ ਦਾ ਇੱਕੋ ਇੱਕ ਜਾਂ ਪ੍ਰਧਾਨ ਗੁਣ ਉਸ ਦੀ ਉਪਯੋਗਤਾ ਹੁੰਦਾ ਹੈ। ਇਸੇ ਕਰਕੇ ਸਭਿਅਤਾ ਦੇ ਸਾਰੇ ਅੰਸ਼ ਕੁਝ ਪ੍ਰਾਪਤ ਕਰਨ ਦਾ ਸਾਧਨ ਹੁੰਦੇ ਹਨ, ਆਪਣੇ ਆਪ ਵਿਚ ਟੀਚਾ ਨਹੀਂ ਹੁੰਦੇ। ਉਦਾਹਰਣ ਵਜੋਂ, ਟਰੈਕਟਰ ਸਾਡੇ ਲਈ ਉਪਯੋਗੀ ਚੀਜ਼ ਹੈ, ਪਰ ਇਸ ਨੂੰ ਉਤਪਾਦਨ ਦੇ ਸਾਧਨ ਵਜੋਂ ਰਖਿਆ ਜਾਂਦਾ ਹੈ, ਟਰੈਕਟਰ ਰੱਖਣ ਦੀ ਖ਼ਾਤਰ ਕੋਈ ਟਰੈਕਟਰ ਨਹੀਂ ਰੱਖੇਗਾ। ਪਰ ਕਲਾ-ਕ੍ਰਿਤ ਆਪਣੇ ਆਪ ਵਿਚ ਇੱਕ ਟੀਚਾ ਹੁੰਦੀ ਹੈ, ਕਿਸੇ ਹੋਰ ਚੀਜ਼ ਦਾ ਸਾਧਨ ਨਹੀਂ।

ਇਹਨਾਂ ਹੀ ਅਰਥਾਂ ਨੂੰ ਵਿਸਥਾਰ ਦੇਂਦਿਆਂ, ਮੈਕਾਈਵਰ ਅਤੇ ਪੇਜ ਨੇ ਆਪਣੀ ਪੁਸਤਕ 'ਸੁਸਾਇਟੀ, ਐਨ ਇੰਟਰੋਡਕਟਰੀ ਅਨੈਲਿਸਿਜ਼' ਵਿਚ ਸਭਿਅਤਾ ਦੀ ਪਰਿਭਾਸ਼ਾ ਇਹ ਦਿੱਤੀ ਹੈ: "ਸਭਿਅਤਾ ਤੋਂ ਸਾਡਾ ਮਤਲਬ ਉਸ ਸਾਰੇ ਮੈਕਾਨਿਜ਼ਮ ਅਤੇ ਸੰਗਠਨ ਤੋਂ ਹੈ, ਜਿਹੜਾ ਮਨੁੱਖ ਨੇ ਆਪਣੇ ਜੀਵਨ ਦੀਆਂ ਹਾਲਤਾਂ ਉੱਤੇ ਨਿਯੰਤਰਣ ਰੱਖਣ ਦੇ ਮੰਤਵ ਨਾਲ ਘੜਿਆ ਹੈ।"1 ਇਸ ਵਿਚ ਸੰਦਾਂ ਤੋਂ ਲੈ ਕੇ ਸਮਾਜਕ ਸੰਗਠਨ

69