ਪੰਨਾ:ਸਭਿਆਚਾਰ ਅਤੇ ਪੰਜਾਬੀ ਸਭਿਆਚਾਰ - ਗੁਰਬਖ਼ਸ਼ ਸਿੰਘ ਫ਼ਰੈਂਕ.pdf/96

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸਭ ਪੱਖਾਂ ਨਾਲ ਮਿਲਾ ਕੇ ਨਾ ਦੇਖਿਆ ਜਾਏ। ਇਸੇ ਤਰ੍ਹਾਂ ਦਾ ਨਿਰਣਾ ਲੇਵੀ ਸਤਰਾਸ ਸਭਿਆਚਾਰਕ ਮਾਨਵ-ਵਿਗਿਆਨ ਬਾਰੇ ਦੇਂਦਾ ਹੈ, ਕਿ ਸਮਾਜਕ ਜੀਵਨ ਦੇ ਸਾਰੇ ਪੱਖਾਂ ਵਿੱਚਲੇ ਅੰਤਰ-ਸੰਬੰਧਾਂ ਦਾ ਸਿਸਟਮ ਸਭਿਆਚਾਰ ਦੇ ਪ੍ਰਸਾਰ ਵਿਚ ਵਧੇਰੇ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਜੋ ਕਿ ਉਹਨਾਂ ਵਿਚੋਂ ਕੋਈ ਇਕ ਪੱਖ ਵੱਖਰੇ ਤੌਰ ਉਤੇ ਲਿਆ ਨਹੀਂ ਨਿਭਾਉਂਦਾ। ਇਸੇ ਕਰਕੇ ਉਹ ਮਾਨਵ-ਵਿਗਿਆਨ ਦੀ ਪੜ੍ਹਾਈ ਭੂਗੋਲ, ਮਨੋ-ਵਿਗਿਆਨ, ਸਮਾਜ-ਵਿਗਿਆਨ, ਭਾਸ਼ਾ-ਵਿਗਿਆਨ ਅਤੇ ਪੁਰਾਤਤਵ-ਵਿਗਿਆਨ ਨਾਲ ਮਿਲਾ ਕੇ ਕਰਨ ਦਾ ਸੁਝਾਅ ਦੇਂਦਾ ਹੈ।1। ਉਹ ਲੋਕਯਾਨ ਦੇ ਅਧੀਐਨ ਨੂੰ ਵੀ ਮਾਨਵ- ਵਿਗਿਆਨ ਦੇ ਇੱਕ ਪੱਖ ਵਜੋਂ ਹੀ ਲੈਂਦਾ ਹੈ।2

ਮਨੋਵਿਗਿਆਨ ਨਾਲ ਸਭਿਆਚਾਰ ਦਾ ਸੰਬੰਧ ਮੁੱਖ ਤੌਰ ਉਤੇ ਸਮਾਜਕ ਮਨੋ-ਵਿਗਿਆਨ ਰਾਹੀਂ ਹੈ। ਜਿਸ ਦੇ ਅੰਤਰ-ਅਨੁਸ਼ਾਸਨੀ ਖਾਸੇ ਬਾਰੇ ਦਸਦਿਆਂ ਮਨੋਵਿਗਿਆਨੀ ਇਸ ਦਾ ਸੰਬੰਧ ਸਭਿਆਚਾਰਕ ਮਾਨਵ-ਵਿਗਿਆਨ ਤੋਂ ਇਲਾਵਾ, ਮਨੋਵਿਗਿਆਨ ਮਨੋ-ਚਿਕਿਤਸਾ, ਰਾਜਨੀਤੀ-ਸ਼ਾਸਤਰ, ਇਤਿਹਾਸ, ਅਰਥ-ਸ਼ਾਸਤਰ ਅਤੇ ਸਮਾਜ-ਵਿਗਿਆਨ ਨਾਲ ਜੋੜਦੇ ਹਨ।3

ਸੋਵੀਅਤ ਵਿਗਿਆਨੀ ਆਰਨੋਲਦੇਵ, ਰੂਹਾਨੀ ਸਭਿਆਚਾਰ ਦੇ ਵਿਗਿਆਨਕ ਵਿਸ਼ਲੇਸ਼ਣ ਨੂੰ ਬੇਹੱਦ ਮੁਸ਼ਕਲ ਕਾਰਜ ਦੱਸਦਿਆਂ, ਇਸ ਵਾਸਤੇ ਦਰਸ਼ਨ, ਸੁਹਜ-ਸ਼ਾਸਤਰ, ਸਮਾਜ-ਵਿਗਿਆਨ, ਵਿਦਿਆ-ਵਿਗਿਆਨ ਅਤੇ ਕਲਾ-ਅਧਿਐਨਾਂ ਵਿਚਲੇ ਮਾਹਰਾਂ ਨੂੰ ਆਪਣੇ ਯਤਨ ਸਾਂਝੇ ਕਰਨ ਦੀ ਲੋੜ ਉਤੇ ਜ਼ੋਰ ਦੇਂਦਾ ਹੈ,4 ਜਦ ਕਿ ਇਸੇ ਪੁਸਤਕ ਵਿਚ ਇਕ ਹੋਰ ਥਾਂ ਉਤੇ ਉਹ ਲਿਖਦਾ ਹੈ: "ਜਦੋਂ ਅੱਜ ਅਸੀਂ ਸਭਿਆਚਾਰ ਦੀ ਗੱਲ ਕਰਦੇ ਹਾਂ ਤਾਂ ਪਹਿਲੀ ਥਾਂ ਉਤੇ ਸਾਡੇ ਮਨ ਵਿਚ ਕੰਮ ਅਤੇ ਜਨਤਕ ਕੰਟਰੋਲ ਦੇ ਉੱਚੇ ਮਿਆਰ ਦੀ, ਮਨੁੱਖੀ ਸੰਬੰਧਾਂ ਦੇ ਉੱਚੇ ਮਿਆਰ ਦੀ, ਸਮਾਜਕ ਰਚਣੇਈ ਕੰਮ ਦੀ ਅਤੇ ਜਨਤਕ ਵਿਹਾਰ ਦੀ ਗੱਲ ਹੁੰਦੀ ਹੈ।"5 ਇਸ ਕਥਨ ਦਾ ਸੰਕੇਤ ਮੁੱਖ ਤੌਰ ਉਤੇ ਪਦਾਰਥਕ ਸਭਿਆਚਾਰ ਅਤੇ ਇਸ ਨਾਲ ਸੰਬੰਧਤ ਵਰਤਾਰਿਆਂ ਵੱਲ ਹੈ, ਜਿਸ ਵਿਚ ਵਿਗਿਆਨ, ਆਰਥਿਕਤਾ, ਸਮਾਜਕ ਸੰਸਥਾਵਾਂ, ਵਿਦਿਆ ਅਤੇ ਨੈਤਿਕਤਾ ਆ ਜਾਂਦੇ ਹਨ। (ਭਾਵੇਂ ਉਸ ਨੇ ਇਹਨਾਂ ਨੂੰ ਇੰਝ ਗਿਣਵਾਇਆ ਨਹੀਂ।)

ਸਭਿਆਚਾਰ ਦਾ ਖੇਤਰ ਏਨਾ ਵਿਸ਼ਾਲ ਹੋਣ ਕਰਕੇ ਹੁਣ ਇਸ ਦਾ ਵੀ ਵੱਖੋ ਵੱਖਰੀਆਂ ਸ਼ਾਖ਼ਾ ਵਿਚ ਵੰਡਿਆ ਜਾਣਾ ਸ਼ੁਰੂ ਹੋ ਗਿਆ ਹੈ। ਇਹੋ ਜਿਹੀ ਇਕ ਸ਼ਾਖ਼ ਸਭਿਆਚਾਰਕ ਭੂਗੋਲ ਹੈ, ਜਿਸ ਵਿਚ ਸਭਿਆਚਾਰਕ ਅੰਸ਼ਾਂ ਦੇ ਭੂਗੋਲਿਕ ਪਾਸਾਰ ਦਾ ਅਧਿਐਨ ਕੀਤਾ ਜਾਂਦਾ ਹੈ। ਇਸ ਅਧਿਐਨ ਨਾਲ ਸੰਬੰਧਤ ਅਨੁਸ਼ਾਸਨਾਂ ਵਿਚ ਨੋਬਲ ਅਤੇ ਦੱਤ ਇਹਨਾਂ ਨੂੰ ਗਿਣਵਾਉਂਦੇ ਹਨ: ਇਤਿਹਾਸ, ਪੁਰਾਤਤਵ-ਵਿਗਿਆਨ, ਸਮਾਜ-ਵਿਗਿਆਨ, ਮਾਨਵ-ਵਿਗਿਆਨ, ਅਰਥ-ਵਿਗਿਆਨ, ਭਾਸ਼ਾ-ਵਿਗਿਆਨ, ਮਾਨਵਿਕੀ-ਸ਼ਾਸਤਰ, ਸਾਹਿਤ, ਦਰਸ਼ਨ ਅਤੇ ਕੋਮਲ ਕਲਾਵਾਂ ਆਦਿ।6

94