ਪੰਨਾ:ਸਰਦਾਰ ਭਗਤ ਸਿੰਘ.pdf/131

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੩੧)

ਜੇਹਲ ਸੁਧਾਰਨ ਵਾਸਤੇ ਕੈਦੀ ਕੋਲ ਵੱਡਾ ਹਥਿਆਰ ਭੁਖ ਹੜਤਾਲ ਹੈ। ਜੇਹਲ ਅਫਸਰ ਤੇ ਸਰਕਾਰ ਭੁੱਖ-ਹੜਤਾਲ ਤੋਂ ਬਹੁਤ ਚਲਦੇ ਨੇ।"
ਭਗਤ ਸਿੰਘ ਨੇ ਅਗੋਂ ਉਤਰ ਦਿੱਤਾ-ਇਉਂ ਹੀ ਕਰ ਤੇ ਕਰਾ ਦੇਂਦੇ ਹਾਂ।"
ਕੈਦੀ-"ਪਰ ਇੱਕ ਗਲ ਚੇਤੇ ਰੱਖੋ ਭੁਖ ਹੜਤਾਲ ਤੁੜਾਉਣ ਵਾਸਤੇ ਅਫਸਰ ਕਈ ਹੇਰਾ-ਫੇਰੀਆਂ ਕਰਨਗੇ। ਟਿਕਟਿਕੀ ਰੱਖਕੇ ਬੈਂਤਾਂ ਦਾ ਡਰ ਦੇਣਗੇ। ਕਮਜ਼ੋਰ ਮਨ ਵਾਲੇ ਕੈਦੀਆਂ ਨੂੰ ਲਾਲਚ ਦੇ ਕੇ ਗੇਰਨਗੇ। ਭੁੱਖ ਹੜਤਾਲੀਆਂ ਵਿਚ ਫੁੱਟ ਪਾਉਣਗੇ। ਜੋ ਭੁਖ ਹੜਤਾਲ ਕਰਨ ਉਹ ਬੜੇ ਦ੍ਰਿੜ ਵਿਸ਼ਵਾਸ਼ ਵਾਲੇ ਹੋਣੇ ਚਾਹੀਦੇ ਨੇ।'
"ਹੱਛਾ ਮੈਂ ਆਪਣੇ ਸਾਥੀਆਂ ਨਾਲ ਸਲਾਹ ਕਰਕੇ ਫਿਰ ਆਪ ਨੂੰ ਦਸਦਾ ਹਾਂ। ਭਗਤ ਸਿੰਘ ਨੇ ਜਵਾਬ ਦਿਤਾ।
"ਅਸੀਂ ਪੁਰਾਣੇ ਕੈਦੀ ਤੁਸਾਂ ਦੇ ਨਾਲ ਹੋਵਾਂਗੇ। ਅਗੇ ਅਸੀਂ ਕਈ ਲੰਮੀਆਂ ਭੁਖ ਹੜਤਾਲਾਂ ਕਰ ਚੁਕੇ ਹਾਂ।' ਕੈਦੀ ਨੇ ਉੱਤਰ ਦਿੱਤਾ।
ਉਸ ਕੈਦੀ ਕੋਲੋਂ ਤੁਰਕੇ ਭਗਤ ਸਿੰਘ ਆਪਣੇ ਸਾਥੀਆਂ ਕੋਲ ਆਇਆ, ਉਨ੍ਹਾਂ ਅਗੇ ਭੁੱਖ ਹੜਤਾਲ ਦੀ ਵਿਉਂਤ ਰੱਖੀ। ਉਨ੍ਹਾਂ ਨੇ ਪ੍ਰਵਾਨ ਕਰ ਲਈ ਤੇ ਸ਼ਰਤਾਂ ਮਨਵਾਏ ਬਿਨਾ ਭੁਖ ਹੜਤਾਲ ਨਾ ਛੱਡਣ ਦੇ ਪ੍ਰਣ ਕੀਤੇ। ਜੀਵਨ-ਮੌਤ ਦੇ ਇਮਤਿਹਾਨ ਵਿਚ ਆਪਣੇ ਆਪ ਨੂੰ ਪਾਇਆ।
ਬਸ ਭੁਖ ਹੜਤਾਲ ਹੋ ਗਈ। ਹੌਲੀ ਹੌਲੀ ਭੁੱਖ ਹੜਤਾਲੀਆਂ ਦੀ ਗਿਣਤੀ ਸੈਂਕੜਿਆਂ ਤਕ ਪੁੱਜ ਗਈ।