ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/118

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮੇਰਾ ਮੱਥਾ ਹੋਇਆ ਨਿਕਰਮਣ,
ਮੇਰੇ ਮੱਥੇ ਕੋਈ ਨਾ ਲੱਗੇ,
ਮੱਥਾ ਮਾਰ-ਮਾਰ ਮੈਂ ਮਰਗੀ
ਉਲਾਂ ਵੱਜ-ਵੱਜ ਜਾਣ ਮੇਰੀਆਂ।

ਗੋਰੀਆਂ ਗੋਲ-ਗੋਲ ਗੱਲਾਂ ਤੇ
ਹੁਣ ਨਾ ਕਿਧਰੇ ਦਿਸੇ ਗੁਲਾਬੀ,
ਬ੍ਰਿਹੋਂ ਨੇ ਚੱਕ ਮਾਰੇ ਹੋਈਆਂ
ਗੱਲਾਂ ਦੇਖ ਵਰਾਨ ਮੇਰੀਆਂ।

ਮੋਤੀਆਂ ਵਰਗੇ ਦੰਦਾਂ ਦੇ ਵਿਚ,
ਦਰਦ ਤੇਰੇ ਦਾ ਲੱਗਿਆ ਕੀੜਾ,
ਦੰਦ-ਕਥਾ ਨੇ ਖਾ ਲੀ ਮੈਂ ਤਾਂ
ਦੰਦਲਾਂ ਪੈ-ਪੈ ਜਾਣ ਮੇਰੀਆਂ।

ਸੂਰਜ ਵਰਗੇ ਸੂਹੇ ਮੁੱਖ ਤੇ,
ਪੀਲਾ ਰੰਗ ਪ੍ਰਧਾਨ ਹੋ ਗਿਆ,
ਸਿੱਥਲ ਹੋਏ ਬੋਲ ਤੇ ਰੁੱਕ-ਰੁੱਕ,
ਗੱਲਾਂ ਕਰੇ ਜ਼ਬਾਨ ਮੇਰੀਆਂ।

ਅੱਖਾਂ ਵਿਚ ਅਣਤੋਲੇ ਅੱਥਰੂ
ਅੱਥਰੂਆਂ ਵਿਚ ਅਧੂਰੀਆਂ ਆਸਾਂ,
ਇਨ੍ਹਾਂ ਅੱਥਰੂਆਂ ਤੋਂ ਅੱਖਾਂ
ਕੀਕੂੰ ਜਾਨ ਛੁੜਾਨ ਮੇਰੀਆਂ।

ਧੋਣ ਮੇਰੀ ਵਿਚ ਸਿਦਕ ਦਾ ਧਾਗਾ
ਧਾਗੇ ਵਿਚ ਤਵੀਤ ਸਬਰ ਦਾ
ਵਿਚ ਤਵੀਤ ਮਿਲਣ ਦੀਆਂ ਤਾਂਘਾਂ
ਹੋਈਆਂ ਅੱਕਲਕਾਣ ਮੇਰੀਆਂ।

ਜਿਉਂ ਨਾਗਣੀਆਂ ਨਾਗ ਕਲਾਵਿਓਂ
ਬੇਵੱਸ ਹੋਈਆਂ ਨਿੱਕਲ ਜਾਵਣ,
ਜੂੜੇ ਮੇਰੇ ਚੋਂ ਮੇਢੀਆਂ
ਨਿੱਕਲ-ਨਿੱਕਲ ਜਾਣ ਮੇਰੀਆਂ।

ਸ਼ਕੁੰਤਲਾ॥120॥