ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਮਸਤ ਜਵਾਨੀ ਚੜ੍ਹਦਾ ਜੋਬਨ।
ਬਿਨਾਂ ਸ਼ਰਾਰਤ ਵੀ ਨਾ ਸ੍ਹੋਵਨ।
ਸ਼ਰਮ ਸ਼ਰਾਰਤ ਦਾ ਇਹ ਮੇਲ।
ਬੇਪ੍ਰਵਾਹੀਆਂ ਦਾ ਕੋਈ ਖੇਲ੍ਹ।
ਜਿਵੇਂ ਸੱਪ ਮਣੀਆਂ ਸੰਗ ਖੇਲਣ।
ਨਾਰਾਂ ਲਾਟਾਂ ਵਾਂਗਰ ਮੇਲ੍ਹਣ।

ਉਨ੍ਹਾਂ ਵਿਚ ਸ਼ਕੁੰਤਲਾ ਨਾਰ।
ਵੱਖਰੀ ਜਿਸਦੀ ਦਿਸੇ ਨੁਹਾਰ।
ਓਸਦੀਆਂ ਕੁਝ ਅਦਬ ਅਦਾਵਾਂ।
ਕਿਵੇਂ ਕਲਮ ਵਿਚ ਬੰਨ੍ਹ ਦਿਖਾਵਾਂ।
ਰੱਬੋਂ ਮਿਲਿਆ ਰੂਪ ਰੱਜਵਾਂ।
ਜੋਬਨ ਚੜ੍ਹਿਆ ਕਹਿਰ ਗਜਬ ਦਾ।
ਸਾਦੀ ਵੇਸ਼ ਭੂਸ਼ਾ ਦੇ ਸੰਗ।
ਅਰਧ ਨਗਨ ਕੁਝ ਦਿੱਸਦੇ ਅੰਗ।
ਜਿਵੇਂ ਕੋਮਲਾਂ ਫੁੱਟੀਆਂ ਡਾਲ।
ਬੁੱਲ੍ਹ ਗੁਲਾਬੀ ਉਸਦੇ ਲਾਲ।
ਗਜ਼-ਗਜ਼ ਲੰਬੇ ਰੇਸ਼ਮ ਵਾਲ।
ਖੜੀ ਸੰਵਾਰੇ ਉਂਗਲਾਂ ਨਾਲ।
ਪਿੰਡਾਂ ਮਹਿਕਾਂ ਰਿਹਾ ਖਲੇਰ।
ਜਿਵੇਂ ਸੁੰਗਧੀਆਂ ਦਾ ਕੋਈ ਢੇਰ।

ਪਉਂਦੀ-ਪਉਂਦੀ ਥੱਕ ਗਈ ਪਾਣੀ।
ਖਾਬ ਜਿਹੀ ਕੋਮਲ ਉਹ ਰਾਣੀ।
ਲੱਗ ਕਚਨਾਰ ਦੇ ਬੂਟੇ ਨਾਲ।
ਖੜ੍ਹਗੀ ਹੋ ਕੇ ਉਹ ਨਿਢਾਲ।
ਮੱਥੇ ਉੱਤੋਂ ਮੁੜਕਾ ਪੂੰਝੇ।
ਖੜਗੀ ਥੱਕ ਲੱਗ ਕੇ ਪੂੰਜੋ।
ਚੜ੍ਹਿਆ ਸਾਹ ਟੁੱਟੇ ਵਿਚਕਾਰ।
ਹੇਠਾਂ ਉੱਪਰ ਹੋਣ ਉਭਾਰ।
ਤੱਕ ਗੈਬੀ ਉਸਦੀਆਂ ਅਦਾਵਾਂ।
ਲੁਟਿਆ ਗਿਆ ਸਾਂਵੇ ਦਾ ਸਾਂਵਾ।
ਰੁੱਗ ਭਰ ਕੱਢ ਕਾਲਜਾ ਲੈਗੀ।
ਮਾਨੇ ਬੁੱਤ ’ਚੋਂ ਰੂਹ ਨਿਕਲਗੀ।

ਸ਼ਕੁੰਤਲਾ ॥48॥