ਪੰਨਾ:ਸ਼ਕੁੰਤਲਾ – ਸੁਰਜੀਤ ਸਿੰਘ ਕਾਲੇਕੇ.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



ਬੁੱਲ੍ਹਾ ਵਿਚ ਸਿਮਟ ਗਈ ਹਾਸੇ।
ਖ਼ਤਮ ਹੋ ਗਿਆ ਅਜਬ ਤਮਾਸ਼ਾ।
ਖੜ੍ਹਗੀ ਹੀਰ ਵੱਟ ਕੇ ਪਾਸਾ।

ਭੌਰੇ ਤੋਂ ਤਾਂ ਛੁੱਟਿਆ ਖਹਿੜਾ।
ਪਰ ਨੈਣਾਂ ਦਾ ਪੈ ਗਿਆ ਪੈੜਾ।
ਕਿਵੇਂ ਕਰਾਂ ਇਸ ਦਾ ਸ਼ੁਕਰਾਨਾ।
ਲੱਗੀ ਢੂੰਡਣ ਕੋਈ ਬਹਾਨਾ।
ਕੀ ਕਹਿ ਇਸ ਨੂੰ ਆਖ ਬੁਲਾਵਾਂ।
ਦਿਲ ਦੀ ਗੱਲ ਕਿਵੇਂ ਸਮਝਾਵਾਂ।
ਉਲਝ ਗਈ ਗੱਲ ਮੂੰਹ ਵਿਚ ਆਈ।
ਉਹ ਪਈ ਝਾਕੇ ਵਾਂਗ ਸ਼ੁਦਾਈ।
ਦੇਖ ਸ਼ਕੁਤੰਲਾ ਹੋਈ ਜਿੱਚ।
ਅਨਸੂਆਂ ਚੱਲ ਆਈ ਵਿਚ।
ਅਨਸੂਆ
ਇਸ ਭੌਰੇ ਨੇ ਕੀ ਅੱਤ ਚਾਈ।
ਸਾਡੀ ਰਾਣੀ ਖੂਬ ਸਤਾਈ।
ਨਾਜ਼ਕ ਅੱਲ੍ਹੜ ਨਰਮ-ਜਵਾਨੀ।
ਦੇਖੋ ਹੋ ਗਈ ਪਾਣੀ-ਪਾਣੀ।
ਏਹ ਤਾਂ ਦੇਵਨੇਤ ਦੇ ਨਾਲ।
ਲਿਆ ਹੈ ਮੌਕਾ ਤੁਸੀਂ ਸੰਭਾਲ।
ਕਿੱਦਾਂ ਥੋਡਾ ਕਰਜ਼ ਚੁਕਾਈਏ।
ਦੱਸੋ ਕੀ ਸੇਵਾ ਕਰ ਪਾਈਏ?
ਦੁਸਿਅੰਤ
ਅਸਾਂ ਨਾ ਕੋਈ ਕਰਜ਼ ਚੜ੍ਹਾਇਆ।
ਸਿਰਫ਼ ਆਪਣਾ ਫ਼ਰਜ਼ ਨਿਭਾਇਆ।
ਐਵੇਂ ਨਾ ਸਿਰ ਚਾੜੋਂ ਭਾਰ।
ਬੱਸ ਤੁਹਾਡਾ ਹੋਇਆ ਦੀਦਾਰ।
ਬੱਸ ਏਹੋ ਸੇਵਾ ਅਨਮੋਲ।
ਜੇ ਰਾਣੀ ਕੁੱਝ ਦੱਸੇ ਬੋਲ।

ਸ਼ਕੁੰਤਲਾ ॥50॥