ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/105

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੇਣ ਤੋਂ ਵਰਜਣ ਲਗਦਾ ਹੈ ਤਾਂ ਅਗੋਂ ਕੋਈ ਰਸੀਆ ਆਖ ਦੇਂਦਾ ਹੈ। "ਦੇ ਲੋ ਭਾਈ ਦੇ ਲੋ- ਆਹ ਦਿਨ ਕਿਹੜਾ ਰੋਜ਼ ਰੋਜ਼ ਆਉਣੈ।" ਇੰਨੇ ਨੂੰ ਸਿੱਠਣੀ ਦੇ ਬੋਲ ਉਭਰਦੇ ਹਨ:-

ਲਾੜਿਆ ਵੇ ਮੇਰਾ ਨੌਕਰ ਲਗ ਜਾ ਵੇ
ਟਕਾ ਮਜੂਰੀ ਦਵਾ ਦਿੰਨੀ ਆਂ
ਮੇਰੇ ਅੰਦਰੋਂ ਸੁੰਭਰ ਮੇਰੇ ਬਾਹਰੋਂ ਸੁੰਭਰ
ਮੇਰੇ ਮਹਿਲੀਂ ਰੜਕਾ ਫੇਰ ਆਈਁ ਵੇ
ਟਕਾ ਮਜੂਰੀ ਦਵਾ ਦਿੰਨੀ ਆਂ
ਮੇਰਾ ਉਤਲਾ ਧੋ
ਮੇਰੀ ਕੁੜਤੀ ਧੋ
ਚੀਰੇ ਵਾਲ਼ੇ ਦੀ ਜਾਕਟ ਧੋ ਲਿਆਈਂ ਵੇ
ਟਕਾ ਮਜੂਰੀ ਦਵਾ ਦਿੰਨੀ ਆਂ
ਮੇਰੀ ਮੱਝ ਨਲ੍ਹਾ
ਮੇਰੀ ਕੱਟੀ ਨਲ੍ਹਾ
ਚੀਰੇ ਵਾਲ਼ੇ ਦਾ ਘੋੜਾ ਨਲ੍ਹਾ ਲਿਆਈਂ ਵੇ
ਟਕਾ ਮਜੂਰੀ ਦਵਾ ਦਿੰਨੀ ਆਂ

ਨਮੋਸ਼ੀ ਦਾ ਮਾਰਿਆ ਲਾੜਾ ਤਾਂ ਨਿਗਾਹ ਚੁੱਕ ਕੇ ਬਨੇਰਿਆਂ ਤੇ ਬੈਠੀਆਂ ਮੁਟਿਆਰਾਂ ਵਲ ਝਾਕਣ ਦੀ ਜੁਰਅਤ ਵੀ ਨਹੀਂ ਕਰ ਸਕਦਾ। ਜਦੋਂ ਵੇਖਦਾ ਹੈ। ਝਟ ਟੋਕਾ ਟਾਕੀ ਸ਼ੁਰੂ ਹੋ ਜਾਂਦੀ ਹੈ:-

ਲਾੜਿਆਂ ਆਪਣੀਆਂ ਵਲ ਵੇਖ ਵੇ
ਕਿਉਂ ਲਵੇਂ ਪਰਾਈਆਂ ਬਿੜਕਾਂ
ਘਰ ਭੈਣ ਜੁ ਤੇਰੀ ਕੰਨਿਆ ਕੁਆਰੀ
ਤੂੰ ਉਹਦਾ ਦੇ ਦੇ ਸਾਕ ਵੇ
ਕਿਉਂ ਲਵੇਂ ਪਰਾਈਆਂ ਬਿੜਕਾਂ
ਤੂੰ ਆਪਣੀਆਂ ਵਲ ਝਾਕ ਵੇ
ਕਿਉਂ ਲਵੇਂ ਪਰਾਈਆਂ ਬਿੜਕਾਂ

ਸਿੱਠਣੀਆਂ ਦੇਣ ਦਾ ਰਿਵਾਜ਼ ਹੁਣ ਖ਼ਤਮ ਹੋ ਗਿਆ ਹੈ। ਇਕ ਦਿਨ ਦੇ ਵਿਆਹ ਨੇ, ਉਹ ਵੀ ਮੈਰਿਜ ਪੈਲੇਸਾਂ ਵਿਚ ਹੋਣ ਕਾਰਨ, ਵਿਆਹ ਦੀਆਂ ਸਾਰੀਆਂ ਰਸਮਾਂ ਤੇ ਰੌਣਕਾਂ ਸਮਾਪਤ ਕਰ ਦਿੱਤੀਆਂ ਹਨ। ਬਸ ਸ਼ੋਰ ਹੀ ਰਹਿ ਗਿਆ ਹੈ। ਸੈਂਕੜਿਆਂ ਦੀ ਗਿਣਤੀ ਵਿਚ ਸਿੱਠਣੀਆਂ ਉਪਲਭਧ ਹਨ। ਇਹਨਾ ਨੂੰ ਸਾਂਭਣ ਦੀ ਅਤਿਅੰਤ ਲੋੜ ਹੈ। ਇਹ ਸਾਡੀ ਵਿਰਾਸਤ ਦਾ ਵੱਡਮੁੱਲਾ ਸਰਮਾਇਆ ਹਨ।

105/ ਸ਼ਗਨਾਂ ਦੇ ਗੀਤ