ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/106

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


 

ਹੇਅਰੇ

 

"ਹੇਅਰਾ ਪੰਜਾਬ ਵਿਸ਼ੇਸ਼ ਕਰਕੇ ਮਾਲਵਾ ਖੇਤਰ ਦਾ ਲੰਬੀ ਹੇਕ ਨਾਲ਼ ਗਾਇਆ ਜਾਣ ਵਾਲ਼ਾ ਗੀਤ-ਰੂਪ ਹੈ ਜਿਸ ਨੂੰ ਗਾਉਣ ਦੀ ਪਰੰਪਰਾ ਬਹੁਤ ਪੁਰਾਣੀ ਹੈ। ਇਹ ਛੋਟੇ ਆਕਾਰ ਦਾ ਦੋ ਤੁਕਾਂ ਵਾਲ਼ਾ ਗੀਤ-ਕਾਵਿ ਹੈ ਜਿਸ ਦੀ ਬਣਤਰ ਦੋਹੇ ਨਾਲ਼ ਮੇਲ ਖਾਂਦੀ ਹੈ। ਇਹ ਇਕ ਮਾਣਿਕ ਛੰਦ ਹੈ ਜਿਸ ਦਾ ਵਿਧੀ ਵਧਾਨ ਦੋਹੇ ਵਾਲ਼ਾ ਹੀ ਹੈ। ਗਾਈਨ ਵਿਧੀ ਵਿਚ ਫਰਕ ਹੈ। ਦੋਹੇ ਆਮ ਤੌਰ ਤੇ ਮਰਦਾਂ ਵਲੋਂ ਗਾਏ ਜਾਂਦੇ ਹਨ ਜਿਸ ਨੂੰ ਦੋਹੇ ਲਾਉਣਾ ਆਖਦੇ ਹਨ ਪਰੰਤੂ ਹੇਅਰੇ ਕੇਵਲ ਔਰਤਾਂ ਵਲੋਂ ਹੀ ਗਾਏ ਜਾਂਦੇ ਹਨ ਜਿਸ ਨੂੰ ਔਰਤਾਂ ਕੱਠੀਆਂ ਹੋ ਕੇ ਜੋਟਿਆਂ ਦੇ ਰੂਪ ਵਿਚ ਗਾਉਂਦੀਆਂ ਹਨ।
ਹੇਅਰਾ ਸ਼ਗਨਾਂ ਦਾ ਗੀਤ ਹੈ ਜੋ ਵਿਆਹ ਸ਼ਾਦੀ ਦੀਆਂ ਵੱਖ ਵੱਖ ਰਸਮਾਂ ਤੇ ਨਿਭਾਈਆਂ ਜਾਣ ਵਾਲ਼ੀਆਂ ਰੀਤਾਂ ਸਮੇਂ ਔਰਤਾਂ ਵਲੋਂ ਗਾਇਆ ਜਾਂਦਾ ਹੈ! ਮੰਗਣੇ ਦੀ ਰਸਮ ਸਮੇਂ ਭੈਣਾਂ ਭਰਾਵਾਂ ਨੂੰ ਹੇਅਰੇ ਦੇਂਦੀਆਂ ਹਨ। ਹੇਅਰੇ ਗਾਉਣ ਨੂੰ ਹੇਅਰੇ ਦੇਣਾ ਆਖਦੇ ਹਨ। ਵਟਣਾ ਮਲਣ, ਜੰਨ ਚੜ੍ਹਨ ਸਮੇਂ, ਲਾੜੇ ਨੂੰ ਸੁਰਮਾ ਪਾਉਣ ਤੇ ਸਲਾਮੀ ਵੇਲ਼ੇ ਭੈਣਾਂ ਵੀਰਾਂ ਨੂੰ ਅਤੇ ਭਰਜਾਈਆਂ ਦਿਓਰਾਂ ਨੂੰ ਰਸ ਭਰਪੂਰ ਹੋਅਰੇ ਦੇ ਕੇ ਵਿਨੋਦ ਭਰਪੂਰ ਸਮਾਂ ਬੰਨ੍ਹ ਦੇਂਦੀਆਂ ਹਨ। ਜਨ ਦੇ ਢੁਕਾਂ ਸਮੇਂ ਮੇਲਣਾਂ ਵਲੋਂ ਬਰਾਤੀਆਂ ਅਤੇ ਲਾੜੇ ਨੂੰ ਹੇਅਰੇ ਦੇਣ ਦਾ ਰਿਵਾਜ ਹੈ। ਫੇਰਿਆਂ ਵੇਲ਼ੇ, ਰੋਟੀ ਖਾਣ ਸਮੇਂ ਅਤੇ ਖਟ ਵਖਾਉਣ ਦੇ ਅਵਸਰ ਤੇ ਮੇਲਣਾਂ ਕੁੜਮ, ਲਾੜੇ ਅਤੇ ਬਰਾਤੀਆਂ ਨੂੰ ਵਿਅੰਗ ਭਰਪੁਰ ਹੇਅਰੇ ਦੇ ਕੇ ਵਾਤਾਵਰਣ ਵਿਚ ਸੁਗੰਧੀ ਵਖੇਰ ਦੇਂਦੀਆਂ ਹਨ। ਲਾੜੇ ਤੋਂ ਛੰਦ ਸੁਣਨ ਸਮੇਂ ਸਾਲ਼ੀਆਂ ਜੀਜੇ ਦੇ ਗਿਆਨ ਦੀ ਪਰਖ ਕਰਦੀਆਂ ਹੋਈਆਂ ਬੁਝਾਰਤਾਂ ਰੂਪੀ ਹੇਅਰੇ ਲਾ ਕੇ ਸਮੁੱਚੇ ਮਾਹੌਲ ਨੂੰ ਗੰਭੀਰ ਤੇ ਹੁਲਾਸ ਭਰਪੂਰ ਬਣਾ ਦਿੰਦੀਆਂ ਹਨ। ਡੋਲ਼ੀ ਦੀ ਵਦਾਇਗੀ ਸਮੇਂ ਭੇਣਾ ਵਲੋਂ ਵਿਦਾ ਹੋ ਰਹੀ ਭੈਣ ਨੂੰ ਅਤੇ ਭਰਜਾਈਆਂ ਵਲੋਂ ਨਣਦ ਨੂੰ ਦਿੱਤੇ ਗਏ ਵੈਰਾਗਮਈ ਹੇਅਰੇ ਸਾਰੇ ਵਾਤਾਵਰਣ ਨੂੰ ਸੋਗੀ ਬਣਾ ਦੇਂਦੇ ਹਨ। ਹੇਅਰਿਆਂ ਦੇ ਦਰਦੀਲੇ ਬੋਲ ਸਰੋਤਿਆਂ ਦੀਆਂ ਅੱਖਾਂ ਵਿਚ ਹੰਝੂਆਂ ਦੀ ਝੜੀ ਲਾ ਦੇਂਦੇ ਹਨ ਗਲਾ ਭਰ ਭਰ ਆਉਂਦਾ ਹੈ। ਸਹੁਰੇ ਘਰ ਆਈ ਡੋਲ਼ੀ ਦੇ ਸੁਆਗਤ ਸਮੇਂ ਭਣੇ ਆਪਣੀ ਨਵੀਂ ਭਰਜਾਈ ਦਾ ਸੁਆਗਤ ਉਸ ਦੇ ਹੁਸਨ ਦੀ ਮਹਿਮਾ ਗਾਉਦਾ ਵਾਲ਼ੇ ਹੇਅਰੇ ਗਾ ਕੇ ਕਰਦੀਆਂ ਹਨ। ਵਿਆਹ ਦੇ ਹੋਰ ਅਵਸਰਾਂ ਤੇ ਵੀ ਬਣਦੇ ਰਿਸ਼ਤੇ ਫੁਫੜਾਂ, ਮਾਸੜਾਂ, ਜੇਠਾਂ ਅਤੇ ਜੀਜਿਆਂ ਆਦਿ ਨੂੰ ਹੇਅਰੇ ਦੇ ਕੇ ਉਹਨਾ ਦਾ ਮਜ਼ਾਕ ਉਡਾਕੇ ਹਾਸੇ ਠੱਠੇ ਦਾ ਮਾਹੌਲ ਸਿਰਜਿਆ ਜਾਂਦਾ ਹੈ। ਹੇਅਰਿਆ ਦੇ

106/ ਸ਼ਗਨਾਂ ਦੇ ਗੀਤ