ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/107

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਮਜ਼ਾਕ ਸਿਠਣੀਆਂ ਵਾਂਗ ਤਿੱਖਾ ਨਹੀਂ ਹੁੰਦਾ ਨਾ ਹੀ ਚੁਭਵਾਂ ਹੁੰਦਾ ਹੈ। ਦਾਦਕੀਆਂ-ਨਾਨਕੀਆਂ ਜਦੋਂ ਵਿਆਹ ’ਚ ਵਿਹਲ ਮਿਲੇ ਇਕ ਦੂਜੇ ਨੂੰ ਵਿਅੰਗਮਈ ਹੇਅਰਾ ਸੁਣਾ ਕੇ ਆਪਣੇ ਮਨ ਦਾ ਭਾਰ ਹੌਲ਼ਾ ਕਰਦੀਆਂ ਹਨ।
ਹੇਅਰੇ ਕੇਵਲ ਵਿਆਹ ਵਿਚ ਰੰਗ ਭਰਨ ਅਤੇ ਹਾਸੇ ਮਖੌਲ ਦਾ ਵਾਤਾਵਰਣ ਉਸਾਰਨ ਲਈ ਹੀ ਨਹੀਂ ਗਾਏ ਜਾਂਦੇ ਬਲਕਿ ਇਹਨਾਂ ਰਾਹੀਂ ਗੂੜ੍ਹ ਗਿਆਨ ਦੀ ਚਾਸ਼ਨੀ ਵੀ ਚਾੜ੍ਹੀ ਜਾਂਦੀ ਹੈ। ਇਹ ਲੋਕ ਸਿਆਣਪਾਂ ਦਾ ਅਮੁਲ ਭੰਡਾਰ ਹਨ! ਇਹ ਸੈਂਕੜਿਆਂ ਦੀ ਗਿਣਤੀ ਵਿਚ ਉਪਲਬਧ ਹਨ!
ਹੇਅਰਾ ਮੰਗਲਮਈ ਗੀਤ ਰੂਪ ਹੈ। ਇਸ ਦੇ ਗਾਉਣ ਦਾ ਆਪਣਾ ਅੰਦਾਜ਼ ਹੈ, ਨੇਮ ਹੈ। ਇਹ ਸੰਬੋਧਨੀ ਸੁਰ ਵਿਚ ਗਾਇਆ ਜਾਂਦਾ ਹੈ, ਇਸ ਦੇ ਬੋਲਾਂ ਨੂੰ ਟਕਾਕੇ ਔਰਤਾਂ ਜੋਟਿਆਂ ਦੇ ਰੂਪ ਵਿਚ ਲੰਬੀ ਹੇਕ ਨਾਲ਼ ਗਾਉਂਦੀਆਂ ਹਨ।
ਵਿਆਹ ਦਾ ਅਵਸਰ ਪਰਿਵਾਰ ਅਤੇ ਸਮੁੱਚੇ ਭਾਈਚਾਰੇ ਲਈ ਖ਼ੁਸ਼ੀਆਂ ਅਤੇ ਖੇੜਿਆਂ ਦਾ ਢੋਆ ਲੈ ਕੇ ਆਉਂਦਾ ਹੈ! ਵੀਰ ਦੇ ਵਿਆਹ ਤੇ ਭੈਣਾਂ ਦਾ ਚਾਅ ਝਲਿਆ ਨਹੀਂ ਜਾਂਦਾ ਉਹ ਆਪਣੇ ਵੀਰ ਦੇ ਸਹੁੱਪਣ, ਸਿਆਣਪ ਅਤੇ ਭਰੱਪਣ ਦਾ ਜ਼ਿਕਰ ਸਿਹਰੇ ਬੰਨ੍ਹਣ ਦੀ ਰਸਮ ਸਮੇਂ ਗਾਏ ਜਾਂਦੇ ਹੇਅਰਿਆਂ ਵਿਚ ਬੜੀਆਂ ਲਟਕਾਂ ਨਾਲ਼ ਕਰਦੀ ਹੈ:-

ਜਿੱਦਣ ਵੀਰਾ ਤੂੰ ਜਰਮਿਆਂ
ਵਗੀ ਪੁਰੇ ਦੀ ਵਾਲ਼
ਕਦੇ ਨਾ ਮੁੱਖੋਂ ਬੋਲਿਆ
ਕਦੇ ਨਾ ਕੱਢੀ ਗਾਲ਼
ਹੋਰ
ਜਿੱਦਣ ਵੀਰਾ ਤੂੰ ਜਰਮਿਆਂ
ਤੇਰੀ ਮਾਂ ਨੇ ਖਾਧੀ ਖੰਡ
ਸਿਖਰ ਦੁਪਹਿਰੇ ਜੰਨ ਚੜ੍ਹਿਆ
ਤੇਰਾ ਚੋ ਚੋ ਪੈਂਦਾ ਰੰਗ
ਵੀਰ ਦੀ ਦਾਨਸ਼ਵਰੀ ਦੀ ਵਡਿਆਈ ਕਰਦੀ ਭੈਣ ਬੜੇ ਹੰਮੇ ਨਾਲ਼ ਹੇਅਰਾ
ਲਾਉਂਦੇ ਹੈ:
ਚਾਂਦੀ ਦੀ ਵੀਰਾ ਕਾਗਤੀ
ਸੋਨੋ ਕਲਮ ਦੁਆਤ
ਸ਼ਾਹੀ ਲੇਖਾ ਕਰਦਾ ਵੇ ਸੋਹਣਿਆਂ
ਤੇਰੀ ਹਾਕਮ ਪੁਛਦੇ ਬਾਤ
ਹੋਰ
ਜੁੱਤੀ ਤਾਂ ਤੇਰੀ ਕਢਵੀਂ ਵੀਰਾ
ਵਿਚ ਤਿੱਲੇ ਦੀ ਵੇ ਤਾਰ

107 / ਸ਼ਗਨਾਂ ਦੇ ਗੀਤ