ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/109

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਸ ਨੂੰ ਤੇ ਉਹਦਾ ਪੱਬ ਧਰਤੀ ਤੇ ਨਹੀਂ ਲਗਦਾ। ਜੰਜ ਚੜ੍ਹਦੇ ਦਿਓਰ ਦੀਆਂ ਅੱਖਾਂ ਵਿਚ ਭਾਬੀਆਂ ਵਲੋਂ ਸੁਰਮਾਂ ਪਾਉਣ ਦੀ ਰਸਮ ਕੀਤੀ ਜਾਂਦੀ ਹੈ। ਇਸ ਅਵਸਰ ਤੇ ਭਾਬੀਆਂ ਮਧੁਰ ਸੁਰ ਵਿਚ ਹੇਅਰੇ ਲਾਉਂਦੀਆਂ ਹਨ:-

ਪਹਿਲੀ ਸਲਾਈ ਦਿਓਰਾ ਰਸ ਭਰੀ
ਦੂਜੀ ਗ਼ੁਲ ਅਨਾਰ
ਤੀਜੀ ਸਲਾਈ ਤਾਂ ਪਾਵਾਂ
ਜੇ ਮੋਹਰਾਂ ਦੇਵੇਂ ਚਾਰ

ਸਿਖਰ ਦੁਪਹਿਰੇ ਦਿਓਰਾ ਜੰਨ ਚੜ੍ਹਿਆ
ਕੋਈ ਧੁੱਪ ਲੱਗੇ ਕੁਮਲਾ
ਜੇ ਮੈਂ ਹੋਵਾਂ ਬਦਲੀ ਵੇ ਦਿਓਰਾ ਸੋਹਣਿਆਂ
ਸੂਰਜ ਲਵਾਂ ਛੁਪਾ

ਦਿਓਰ ਪ੍ਰਤੀ ਆਪਣੇ ਮਨ ਦੀਆਂ ਭਾਵਨਾਵਾਂ ਨੂੰ ਜ਼ਾਹਰ ਕਰਦੀ ਹੋਈ ਭਾਬੀ ਨਵੇਂ ਤੋਂ ਨਵੇਂ ਹੇਅਰੇ ਨੂੰ ਜਨਮ ਦੇਂਦੀ ਹੈ:-

ਤੇਰਾ ਵੀ ਬੋਲਿਆ ਦਿਓਰਾ ਲਿਖ ਧਰਾਂ
ਕੋਈ ਸੱਜੇ ਕੌਲ਼ੇ ਦੇ ਨਾਲ਼
ਆਉਂਦੀ ਜਾਂਦੀ ਰਹਾਂ ਵਾਚਦੀ
ਮੈਂ ਤਾਂ ਗੂੜ੍ਹੇ ਨੈਣਾਂ ਦੇ ਨਾਲ਼
ਹੋਰ
ਤੇਰਾ ਵੀ ਮੇਰਾ ਦਿਓਰਾ ਇਕ ਮਨ
ਕੋਈ ਲੋਕਾਂ ਭਾਣੇ ਦੋ
ਕੰਡਾ ਧਰ ਕੇ ਤੋਲ ਲੈ
ਕੋਈ ਹਵਾ ਬਰਾਬਰ ਹੋ

ਦਿਓਰ ਦੇ ਮਿਠੜੇ ਬੋਲ ਭਾਬੀ ਨੂੰ ਸੰਤੁਸ਼ਟੀ ਤੇ ਆਤਮਕ ਰੱਜ ਪ੍ਰਦਾਨ ਕਰਦੇ ਹਨ:

ਤੇਰਾ ਵੀ ਬੋਲਿਆ ਦਿਓਰਾ ਇਊਂ ਲੱਗੇ
ਜਿਊਂ ਸ਼ਰਬਤ ਦਾ ਘੁੱਟ
ਇਕ ਭਰੇਂਦੀ ਦੋ ਭਰਾਂ ਵੇ ਦਿਓਰਾ
ਮੇਰੇ ਟੁੱਟਣ ਸਰੀਰੀਂ ਦੁੱਖ

ਚਾਲੀ ਪੰਜਾਹ ਸਾਲ ਪਹਿਲਾਂ ਦੀਆਂ ਗੱਲਾਂ ਹਨ ਓਦੋਂ ਬਰਾਤਾਂ ਰਥਾਂ, ਬੈਲ ਗੱਡੀਆਂ, ਘੋੜੀਆਂ ਅਤੇ ਊਠਾਂ ਤੇ ਸਵਾਰ ਹੋ ਕੇ ਮੁੰਡਿਆਂ ਨੂੰ ਵਿਆਹੁਣ ਜਾਂਦੀਆਂ ਸਨ। ਪੂਰੇ ਤਿੰਨ ਦਿਨ ਬਰਾਤ ਨੇ ਠਹਿਰਨਾ ਸਾਰੇ ਪਿੰਡ ਵਿਚ ਗਹਿਮਾ ਗਹਿਮੀ ਹੋ ਜਾਣੀ। ਆਮ ਤੌਰ ਤੇ ਬਰਾਤ ਆਥਣ ਸਮੇਂ ਹੀ ਢੁਕਦੀ ਸੀ। ਅਜਕਲ੍ਹ ਵਾਂਗ ਔਰਤਾਂ ਨੂੰ ਬਰਾਤ ਨਾਲ਼ ਲਜਾਣ ਦਾ ਰਿਵਾਜ ਨਹੀਂ ਸੀ। ਬਰਾਤ ਦੇ ਢੁਕਾਅ ਤੇ

109/ ਸ਼ਗਨਾਂ ਦੇ ਗੀਤ