ਸਮੱਗਰੀ 'ਤੇ ਜਾਓ

ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਦੋ-ਸ਼ਬਦ

ਲੋਕ ਗੀਤ ਕਿਸੇ ਵਿਸ਼ੇਸ਼ ਭੂਗੋਲਿਕ ਖਿੱਤੇ ਵਿਚ ਵਸਦੇ ਲੋਕਾਂ ਦੇ ਹਾਵਾਂਭਾਵਾਂ, ਉਦਗਾਰਾਂ, ਗ਼ਮੀਆਂ ਖ਼ੁਸ਼ੀਆਂ ਅਤੇ ਉਮੰਗਾਂ ਦਾ ਪ੍ਰਗਟਾਵਾ ਹੀ ਨਹੀਂ ਕਰਦੇ ਬਲਕਿ ਉਹਨਾਂ ਦੇ ਸਮਾਜਿਕ ਅਤੇ ਸਭਿਆਚਾਰਕ ਜੀਵਨ ਦੀ ਗਾਥਾ ਵੀ ਬਿਆਨ ਕਰਦੇ ਹਨ। ਇਹਨਾਂ ਵਿਚ ਕਿਸੇ ਜਨ ਸਮੂਹ ਅਥਵਾ ਜਾਤੀ ਦੇ ਪਰੰਪਰਾਗਤ, ਸਾਂਸਕ੍ਰਿਤਕ ਅਤੇ ਸਭਿਆਚਾਰਕ ਤੱਤ ਸਮੋਏ ਹੁੰਦੇ ਹਨ। ਇਹਨਾਂ ਦਾ ਕੇਵਲ ਸਾਹਿਤਕ ਮਹੱਤਵ ਹੀ ਨਹੀਂ ਬਲਕਿ ਇਹਨਾਂ ਨੂੰ ਸਭਿਆਚਾਰਕ ਅਤੇ ਲੋਕ-ਧਾਰਾਈ ਦ੍ਰਿਸ਼ਟੀ ਤੋਂ ਵੀ ਸਮਝਣ ਦੀ ਲੋੜ ਹੈ। ਇਹ ਜੀਵਨ ਦੇ ਜੀਵਨ ਮੁੱਲਾਂ, ਸਰੋਕਾਰਾਂ, ਸਾਕਾਦਾਰੀ ਸੰਬੰਧਾਂ ਅਤੇ ਮਾਨਵੀ ਰਿਸ਼ਤਿਆਂ ਦੇ ਪ੍ਰਮਾਣਿਕ ਵਾਹਨ ਹਨ। ਇਹਨਾ ਵਿਚ ਜਨ ਜੀਵਨ ਦੀ ਆਤਮਾ ਵਿਦਮਾਨ ਹੈ।

ਪੰਜਾਬ ਦੇ ਲੋਕ ਗੀਤਾਂ ਵਿਚ ਪੰਜਾਬੀਆਂ ਦਾ ਜਨ ਜੀਵਨ ਧੜਕਦਾ ਹੈ। ਇਹ ਉਹਨਾਂ ਦੀ ਕਲਾਤਮਕ ਸਿਰਜਣਾ ਦਾ ਸੁਹਜ-ਆਤਮਕ ਪ੍ਰਗਟਾਵਾ ਹਨ।

ਪੰਜਾਬ ਦੇ ਲੋਕ ਗੀਤ ਅਨੇਕਾਂ ਗੀਤ-ਰੂਪਾਂ ਵਿਚ ਪ੍ਰਾਪਤ ਹਨ। ਲੋਰੀਆਂ, ਥਾਲ, ਕਿਕਲੀ ਦੇ ਗੀਤ, ਸੁਹਾਗ, ਘੋੜੀਆਂ, ਸਿਠਣੀਆਂ, ਹੇਅਰੇ , ਆਉਂਦੀ ਕੁੜੀਏ ਜਾਂਦੀ ਕੁੜੀਏ, ਗਿੱਧੇ ਦੀਆਂ ਲੰਬੀਆਂ ਤੇ ਇਕ ਲੜੀਆਂ ਬੋਲੀਆਂ, ਦੋਹੇ, ਮਾਹੀਆ ਅਤੇ ਲੰਬੇ ਗਾਉਣ ਪੰਜਾਬੀ ਲੋਕ ਗੀਤਾਂ ਦੇ ਭਿੰਨ ਭਿੰਨ ਰੂਪ ਹਨ।

ਫਰਵਰੀ 2012 ਵਿਚ ਅਕਾਸ਼ਬਾਣੀ ਜਲੰਧਰ ਦੇ ਪ੍ਰੋਡਿਊਸਰ ਦੇਵਿੰਦਰ ਜੌਹਲ ਹੋਰਾਂ ਮੈਨੂੰ ਅਕਾਸ਼ਬਾਣੀ ਲਈ ਪੰਜਾਬੀ ਲੋਕ ਗੀਤਾਂ ਦੀਆਂ ਵੱਖ-ਵੱਖ ਵੰਨਗੀਆਂ ਦੇ ਗੀਤ ਰੂਪਾਂ ਬਾਰੇ ਰੇਡੀਓ ਫੀਚਰ ਤਿਆਰ ਕਰਨ ਲਈ ਸੱਦਾ ਦਿੱਤਾ ਤਾਂ ਜੋ ਇਹਨਾਂ ਗੀਤ ਰੂਪਾਂ ਨੂੰ ਮਾਹਰ ਕਲਾਕਾਰਾਂ ਪਾਸੋਂ ਪੇਸ਼ ਕਰਵਾਕੇ ਉਹਨਾਂ ਨੂੰ ਸੰਭਾਲਿਆ ਜਾ ਸਕੇ! ਅਕਾਸ਼ਬਾਣੀ ਲਈ ਮੈਂ ਗੀਤ ਰੂਪਾਂ ਮਾਹੀਆ, ਦੋਹੇ, ਕਿਕੱਲੀ, ਥਾਲ, ਸਿਠਣੀਆਂ ਅਤੇ ਹੇਰਿਆ ਬਾਰੇ ਫੀਚਰ ਲਿਖ ਕੇ ਭੇਜੇ। ਅਕਾਸ਼ ਬਾਣੀ ਜਲੰਧਰ ਲਈ ਕੀਤੇ ਕਾਰਜ ਤੋਂ ਪ੍ਰੇਰਨਾ ਲੈ ਕੇ ਮੈਂ ਪੰਜਾਬੀ ਲੋਕ ਗੀਤਾਂ ਦੇ ਤਕਰੀਬਨ ਸਾਰਿਆਂ ਹੀ ਗੀਤ ਰੂਪਾਂ ਬਾਰੇ ਪੁਸਤਕ ਤਿਆਰ ਕਰਨ ਦੀ ਵਿਓਂਤ ਬਣਾਈ ਤਾਂ ਜੋ ਲੋਕ ਸਾਹਿਤ ਦੇ ਪਾਠਕਾਂ ਅਤੇ ਲੋਕਧਾਰਾ ਦੇ ਖੋਜਾਰਥੀਆਂ ਲਈ ਲੋੜੀਂਦੀ

9/ਸ਼ਗਨਾਂ ਦੇ ਗੀਤ