ਪੰਨਾ:ਸ਼ਗਨਾਂ ਦੇ ਗੀਤ - ਸੁਖਦੇਵ ਮਾਦਪੁਰੀ.pdf/128

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਚਤਰ ਲਾੜਾ ਝੱਟ ਬੁਝਾਰਤ ਬੁੱਝ ਕੇ ਉੱਤਰ ਮੋੜਦਾ ਹੈ:-
ਨੌਂ ਕੂਏਂ ਦਸ ਪਾਰਸੇ
ਪਾਣੀ ਘੁੰਮਣ ਘੇਰ
ਜਿੰਨੇ ਪਿੱਪਲ ਦੇ ਪੱਤ ਨੇ
ਪਾਣੀ ਉਤਨੇ ਸੇਰ
ਕਮਾਲ ਦੀ ਹਾਜ਼ਰ ਜਵਾਬੀ ਹੈ-ਗਿਣੀ ਜਾਓ ਪਿੱਪਲ ਦੇ ਪੱਤ! ਅਗੋਂ ਸਾਲ਼ੀ
ਕਿਹੜਾ ਘਟ ਬੁਧੀਮਾਨ ਹੈ ਉਹ ਇਕ ਹੋਰ ਗੁੰਝਲਦਾਰ ਬੁਝਾਰਤ ਪੁੱਛਦੀ ਹੈ:-
ਕੌਣ ਪਿੰਡ ਕੌਣ ਚੌਧਰੀ
ਕੌਣ ਹੈ ਵਿਚ ਦਲਾਲ
ਕੌਣ ਸੁਗੰਧੀ ਦੇ ਰਿਹਾ
ਕੌਣ ਪਰਖਦਾ ਲਾਲ
ਏਸ ਬੁਝਾਰਤ ਦਾ ਉੱਤਰ ਬੁੱਝ ਕੇ ਸੂਝਵਾਨ ਲਾੜਾ ਨਖਰੋ ਸਾਲ਼ੀ ਨੂੰ ਨਿਰ
ਉੱਤਰ ਕਰ ਦੇਂਦਾ ਹੈ:-
ਦੇਹ ਪਿੰਡ ਦਿਲ ਚੌਧਰੀ
ਜੀਭਾ ਵਿਚ ਦਲਾਲ
ਨੱਕ ਸੁਗੰਧੀ ਦੇ ਰਿਹਾ
ਨੈਣ ਪਰਖਦੇ ਲਾਲ

ਛੰਦ ਸੁਣਨ ਦੀ ਰਸਮ ਮਗਰੋਂ ਲਾੜੇ ਦੀ ਸੱਸ ਉਸ ਦਾ ਮੂੰਹ ਸੁੱਚਾ ਕਰਨ ਦੀ ਰਸਮ ਕਰਦੀ ਹੈ। ਉਹ ਥਾਲ ਵਿਚ ਲੱਡੂ ਰਖਕੇ ਲਾੜੇ ਦੇ ਮੂੰਹ ਵਿਚ ਲੱਡੂਆਂ ਦੇ ਭੋਰੇ ਪਾਉਂਦੀ ਹੈ ਤੇ ਮਗਰੋਂ ਉਸ ਨੂੰ ਦੁੱਧ ਦਾ ਗਲਾਸ ਪੀਣ ਲਈ ਦਿੱਤਾ ਜਾਂਦਾ ਹੈ। ਲਾੜੀ ਦੀਆਂ ਚਾਚੀਆਂ, ਤਾਈਆਂ ਤੇ ਮਾਸੀਆਂ ਆਦਿ ਵੀ ਇਹ ਸ਼ਨ ਕਰਦੀਆਂ ਹਨ।
ਇਹਨਾਂ ਸ਼ਗਨਾਂ ਮਗਰੋਂ ਲਾੜਾ ਸਾਲ਼ੀਆਂ ਤੋਂ ਪੱਲਾ ਛੁਡਾ ਕੇ ਖ਼ੁਸ਼ ਖ਼ੁਸ਼ ਸਰਬਾਲੇ ਸਮੇਤ ਜਨੇਤ ਦੇ ਡੇਰੇ ਨੂੰ ਪਰਤ ਆਉਂਦਾ ਹੈ। ਸਾਲ਼ੀਆਂ ਦੇ ਹਾਸੇ ਉਹ ਦੇ ਕੰਨਾਂ ਵਿਚ ਰਸ ਘੋਲਦੇ ਰਹਿੰਦੇ ਹਨ।
ਮੈਰਿਜ ਪੈਲੇਸਾਂ ਵਿਚ ਹੁੰਦੇ ਵਿਆਹ ਸਮਾਗਮਾਂ ਕਾਰਨ ਛੰਦ ਸੁਣਨ ਦਾ ਰਸਮ ਵੀ ਸਮਾਪਤ ਹੀ ਹੋ ਗਈ ਹੈ ਬਸ ਯਾਦਾਂ ਹੀ ਬਾਕੀ ਰਹਿ ਗਈਆਂ ਹਨ।
128/ਸ਼ਗਨਾਂ ਦੇ ਗੀਤ